Canada ਦੀ ਮਹਿੰਗਾਈ ਦਰ ‘ਚ ਹੋਇਆ ਵਾਧਾ

Vancouver – ਸਟੈਟਿਸਟਿਕਸ ਕੈਨੇਡਾ ਵੱਲੋਂ ਮਹਿੰਗਾਈ ਦਰ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਮੁਤਾਬਿਕ ਅਗਸਤ ਮਹੀਨੇ ਦੌਰਾਨ ਮਹਿੰਗਾਈ ਦੇ ਪਿਛਲੇ ਕਈ ਰਿਕਾਰਡ ਟੁੱਟੇ ਹਨ। ਜੀ ਹਾਂ,ਕੈਨੇਡਾ ਵਿਚ ਮੌਜੂਦਾ ਮਹਿੰਗਾਈ ਦਰ ਤਕਰੀਬਨ ਦੋ ਦਹਾਕਿਆਂ ਵਿਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ ਹੈ ਇਸ ਤੋਂ ਬਾਅਦ ਕੈਨੇਡਾ ਅੰਦਰ ਤਕਰੀਬਨ ਹਰ ਚੀਜ਼ ਮਹਿੰਗੀ ਹੋ ਗਈ ਹੈ।
ਸਟੈਟਿਸਟਿਕਸ ਕੈਨੇਡਾ ਵੱਲੋਂ ਜੋ ਨਵੇਂ ਅੰਕੜੇ ਜਾਰੀ ਕੀਤੇ ਗਏ ਉਸ ਅਨੁਸਾਰ ਅਗਸਤ ਮਹੀਨੇ ਵਿਚ ਕੈਨਡਾ ਦੀ ਸਲਾਨਾ ਮਹਿੰਗਾਈ ਦਰ 4.1 ਫ਼ੀਸਦੀ ਦਰਜ ਕੀਤੀ ਗਈ ਹੈ। ਜਦਕਿ ਜੁਲਾਈ ਵਿਚ ਮਹਿੰਗਾਈ ਦਰ 3.7 ਫ਼ੀਸਦੀ ਸੀ। ਪਿਛਲੇ ਸਾਲ ਦੇ ਮੁਕਾਬਲੇ ਅਗਸਤ ਮਹੀਨੇ ਵਿਚ ਤਕਰੀਬਨ ਹਰ ਚੀਜ਼ ਅਤੇ ਸੇਵਾਵਾਂ ਦੀਆਂ ਕੀਮਤਾਂ ਵੱਧ ਦਰਜ ਕੀਤੀਆਂ ਗਈਆਂ ।
ਅੰਕੜਿਆਂ ਮੁਤਾਬਿਕ ਅਗਸਤ ਮਹੀਨੇ ਦੌਰਾਨ ਆਵਾਜਾਈ ਦੀਆਂ ਕੀਮਤਾਂ ਵਿਚ 8.7 ਫ਼ੀਸਦੀ ਅਤੇ ਖਾਣ-ਪੀਣ ਦੀਆਂ ਕੀਮਤਾਂ ਵਿਚ 2.7 ਫ਼ੀਸਦੀ ਦਾ ਵਾਧਾ ਹੋਇਆ ਹੈ। ਨਵੇਂ ਘਰਾਂ ਦੀਆਂ ਕੀਮਤਾਂ ਨਾਲ ਸਬੰਧਤ ਹੋਮਉਨਰਜ਼ ਰਿਪਲੇਸਮੈਂਟ ਕੌਸਟ ਇੰਡੈਕਸ ਵਿਚ ਜੁਲਾਈ ਮਹੀਨੇ 14 % ਦਾ ਵਾਧਾ ਦਰਜ ਹੋਇਆ ਹੈ। 1987 ਤੋਂ ਬਾਅਦ ਪਹਿਲੀ ਵਾਰੀ ਇਸ ਇੰਡੈਕਸ ਵਿਚ ਇੰਨੀ ਤੇਜ਼ੀ ਦਰਜ ਕੀਤੀ ਗਈ ਹੈ। ਹਵਾਈ ਟਿਕਟਾਂ ਦੀਆਂ ਕੀਮਤਾਂ ਵਿਚ 37.5 % ਦਾ ਵਾਧਾ ਹੋਇਆ ਹੈ ਅਤੇ ਹੋਟਲਾਂ ਦੇ ਕਿਰਾਇਆਂ ਵਿਚ 12 % ਵਾਧਾ ਹੋਇਆ ਹੈ। ਗੈਸ ਦੀਆਂ ਕੀਮਤਾਂ ਪਿਛਲੇ 12 ਮਹੀਨਿਆਂ ਦੇ ਵਕਫ਼ੇ ਦੌਰਾਨ 32 ਫ਼ੀਸਦੀ ਵੱਧ ਚੁੱਕੀਆਂ ਹਨ।