ਮਨਪ੍ਰੀਤ ਬਾਦਲ ਤੋਂ ਕਾਂਗਰਸ ਨੇ ਖਿੱਚੇ ਹੱਥ ! ਵੜਿੰਗ ਨੇ ਜਾਰੀ ਕੀਤੀ ਲਿਸਟ

ਜਲੰਧਰ- ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੋਂ ਲੱਗਦਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਨਾਰਾ ਕਰ ਲਿਆ ਹੈ ।ਪੰਜਾਬ ਕਾਂਗਰਸ ਵਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਾਰੀ 172 ਮੈਂਬਰਾਂ ਦੀਆਂ ਲਿਸਟਾਂ ਕੁੱਝ ਅਜਿਹਾ ਹੀ ਦਰਸ਼ਾ ਰਹੀਆਂ ਹਨ ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਨਾਂ ਇਨ੍ਹਾਂ ‘ਚ ਨਹੀਂ ਹੈ ।ਦੂਜੇ ਪਾਸੇ ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਦੇ ਖਿਲਾਫ ਆਪਣੇ ਬੇਟੇ ਨੂੰ ਚੋਣ ਲੜਵਾਉਣ ਵਾਲੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਸੂਬਾ ਕਾਂਗਰਸ ਕਮੇਟੀ ‘ਚ ਥਾਂ ਦਿੱਤੀ ਗਈ ਹੈ ।ਇਸ ਲਿਸਟ ਨੂੰ ਸੋਨੀਆ ਗਾਂਧੀ ਵਲੋਂ ਹਰੀ ਝੰਡੀ ਦਿੱਤੀ ਗਈ ਹੈ ।

ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਵਿਚਕਾਰ ਆਪਸੀ ਖਿੱਚੋਤਾਨ ਕਿਸੇ ਤੋਂ ਭੁੱਲੀ ਨਹੀਂ ਹੈ । ਚੋਣਾਂ ਦੌਰਾਨ ਰਾਜਾ ਵੜਿੰਗ ਵਲੋਂ ਮਨਪ੍ਰੀਤ ‘ਤੇ ਵਿਰੋਧੀਆਂ ਦਾ ਸਾਥ ਦੇਣ ਦੇ ਇਲਜ਼ਾਮ ਲਗਾਏ ਗਏ ਸਨ । ਕੁੱਝ ਅਜਿਹਾ ਹੀ ਬਠਿੰਡਾ ਹਲਕੇ ਦੇ ਬਾਕੀ ਉਮੀਦਵਾਰਾਂ ਦੇ ਵੀ ਰਹੇ ਸਨ ।ਹੁਣ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਕੂਰਸੀ ‘ਤੇ ਵਿਰਾਜਮਾਨ ਹਨ । ਸੋ ਇਸ ਨਵੀਂ ਲਿਸਟ ਨੂੰ ਸਿਆਸੀ ਬਦਲੇ ਵਜੋਂ ਵੀ ਵੇਖਿਆ ਜਾ ਰਿਹਾ ਹੈ ।

ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਕਾਂਗਰਸ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਭਾਰਤ ਭੂਸ਼ਨ ਆਸ਼ੂ ਦਾ ਸਾਥ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ । ਖਹਿਰਾ ਨੇ ਪਾਰਟੀ ਵਲੋਂ ਕੀਤੇ ਗਏ ਪ੍ਰਦਰਸ਼ਨਾ ਨੂੰ ਗਲਤ ਦੱਸਿਆ ਸੀ ।ਖਹਿਰਾ ਦਾ ਤਰਕ ਸੀ ਕਿ ਜੇਕਰ ਆਸ਼ੂ ਸੱਚੇ ਹਨ ਤਾਂ ਉਹ ਖੁਦ ਬੱਚ ਜਾਣਗੇ । ਖਹਿਰਾ ਮੁਤਾਬਿਕ ਉਨ੍ਹਾਂ ਨੇ ਵੀ ਕਈ ਝੂਠੇ ਪਰਚੇ ਝੇਲੇ ਹਨ ਅਤੇ ਜੇਲ੍ਹ ਦੀ ਹਵਾ ਖਾਦੀ ਹੈ ।ਖਹਿਰਾ ਦੇ ਤਰਕ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਲੈ ਛਿੜ ਰਹੀਆਂ ਚਰਚਾਵਾਂ ਤੋਂ ਬਾਅਦ ਕਾਂਗਰਸ ਪਾਰਟੀ ਨੇ ਫਿਲਹਾਲ ਖਹਿਰਾ ਦੇ ਨਾਂ ‘ਤੇ ਵੀ ਬ੍ਰੇਕ ਲਗਾ ਦਿੱਤੀ ਹੈ ।

ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਵੀ ਪੰਜਾਬ ਕਾਂਗਰਸ ਚ ਥਾਂ ਦਿੱਤੀ ਗਈ ਹੈ ।ਰਾਣਾ ਨੇ ਕਾਂਗਰਸ ਪਾਰਟੀ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਆਪਣੇ ਬੇਟੇ ਨੂੰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਚੋਣ ਲੜਵਾ ਕੇ ਕਾਂਗਰਸ ਦੀ ਸੀਟ ਹਰਵਾਈ ਸੀ ।ਤਤਕਾਲੀ ਪ੍ਰਧਾਨ ਨਵਜੋਤ ਸਿੱਧੂ ਤਾਂ ਰਾਣਾ ਖਿਲਾਫ ਕਾਰਵਾਈ ਦੀ ਗੱਲ ਕਰਦੇ ਰਹੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ । ਪਾਰਟੀ ਨੇ ਕਾਰਵਾਈ ਕਰਨ ਦੀ ਥਾਂ ਵਿਧਾਨ ਸਭਾ ਸੀਟ ਜਿੱਤਣ ਵਾਲੇ ਰਾਣਾ ਗੁਰਜੀਤ ਸਿੰਘ ਨੂੰ ਕਾਰਜਕਾਰਣੀ ਚ ਥਾਂ ਦਿੱਤੀ ਹੈ ।