ਘਰੇਲੂ ਕਲੇਸ਼ ਕਾਰਨ ਕੈਪਟਨ ਸਣੇ 25 ਮੰਤਰੀਆਂ ਅਤੇ ਵਿਧਾਇਕਾਂ ਦੀ ਦਿੱਲੀ ਹਾਈਕਮਾਂਡ ਕੋਲ ਹੋਵੇਗੀ ਪੇਸ਼ੀ

ਟੀਵੀ ਪੰਜਾਬ ਬਿਊਰੋ-ਪੰਜਾਬ ਕਾਂਗਰਸ ਦੇ ਅੰਦਰੂਨੀ ਝਗੜੇ ਦਾ ਹੱਲ ਕੱਢਣ ਲਈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਪੱਚੀ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਗਿਆ ਹੈ ।ਸੋਮਵਾਰ ਨੂੰ ਦਿੱਲੀ ‘ਚ ਪੰਜਾਬ ਕਾਂਗਰਸ ਦੇ ਇਸ 25 ਵਿਧਾਇਕ ਸੋਨੀਆ ਗਾਂਧੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਗੇ। ਇਸ ਵਿਚ ਕੈਪਟਨ ਦੇ ਕੁਝ ਖਾਸਮ-ਖਾਸ ਮੰਤਰੀ ਵੀ ਸ਼ਾਮਿਲ ਹਨ। 

ਇਹ ਕਮੇਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਵੀਰਵਾਰ ਜਾਂ ਸ਼ੁਕਰਵਾਰ ਨੂੰ ਮੁਲਾਕਾਤ ਕਰੇਗੀ । ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇਸ ਤਿੰਨ ਮੈਂਬਰੀ ਕਮੇਟੀ ਨੂੰ ਮਿਲਣਗੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਾਈਕਮਾਂਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਤੇ ਸਿੱਧੂ ਵਿਵਾਦ ਸੁਲਝਾਉਣ ਲਈ ਸਰਗਰਮ ਹੋ ਗਈ ਹੈ।

ਗੌਰਤਲਬ ਹੈ ਕਿ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਕੁਝ ਮੰਤਰੀਆਂ ਅਤੇ ਵਿਧਾਇਕਾਂ ਨੇ ਪਿਛਲੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਕੋਟਕਪੂਰਾ ਪੁਲਿਸ ਗੋਲੀਬਾਰੀ ਮਾਮਲੇ ਦੀ ਜਾਂਚ ਹਾਈ ਕੋਰਟ ਵਿੱਚ ਖਾਰਜ ਹੋਣ ਤੋਂ ਬਾਅਦ ਇਨ੍ਹਾ ਨੇ ਇਹ ਇਲਜ਼ਾਮ ਲਗਾ ਕੇ ਕੈਪਟਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ ਉਹ ਬਾਦਲ ਪਰਿਵਾਰ ਨਾਲ ਮਿਲੇ ਹੋਏ ਹਨ। ਇਸ ਤੋਂ ਬਾਅਦ ਇਹ ਝਗੜਾ ਦਿਨ ਪ੍ਰਤੀ ਦਿਨ ਵਧਦਾ ਗਿਆ ਅਤੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੇ ਵੀ ਇੱਕ ਦੂਜੇ ਨੂੰ ਮੈਦਾਨ ਵਿੱਚ ਵੰਗਾਰਨਾ ਸ਼ੁਰੂ ਕਰ ਦਿੱਤਾ।