ਲੁਧਿਆਣਾ ‘ਚ ਵਪਾਰੀ ਦੇ ਘਰ ਛਾਪਾ ਮਾਰਨ ਪਹੁੰਚੀ GST ਟੀਮ ‘ਤੇ ਹਮਲਾ

ਲੁਧਿਆਣਾ : ਬੋਗਸ ਬਿਲਿੰਗ ਮਾਮਲੇ ’ਚ ਬਸੰਤ ਐਵੇਨਿਊ ਇਲਾਕੇ ’ਚ ਕਾਰੋਬਾਰੀ ਦੇ ਘਰ ਰੇਡ ਕਰਨ ਪਹੁੰਚੀ ਸੈਂਟਰਲ ਜੀਐੱਸਟੀ ਟੀਮ ’ਤੇ ਕਾਰੋਬਾਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਅਧਿਕਾਰੀਆਂ ਦੀ ਟੀਮ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦੀ ਗੱਡੀ ਦੀ ਭੰਨ-ਤੋਡ਼ ਕੀਤੀ। ਸੂਚਨਾ ਮਿਲਣ ’ਤੇ ਥਾਣਾ ਸਦਰ ਪੁਲਿਸ ਨੇ ਅਧਿਕਾਰੀਆਂ ਨੂੰ ਉਥੋਂ ਸੁਰੱਖਿਅਤ ਕੱਢਿਆ। ਹਾਲਾਂਕਿ ਕਾਰੋਬਾਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਗਏ ਹਮਲੇ ’ਚ ਦੋ ਅਧਿਕਾਰੀ ਬੁਰੀ ਤਰ੍ਹਾਂ ਫੱਟਡ਼ ਹੋ ਗਏ।

ਜਾਣਕਾਰੀ ਮੁਤਾਬਕ ਕਾਰੋਬਾਰੀ ਯਸ਼ਪਾਲ ਮਹਿਤਾ ਦੇ ਘਰ ਸਹਾਇਕ ਕਮਿਸ਼ਨਰ ਰੋਹਿਤ ਮੀਣਾ ਤੇ ਹੇਮੰਤ ਕੁਾਰ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ। ਟੀਮ ਕੋਲ ਸਰਚ ਵਾਰੰਟ ਸੀ। ਟੀਮ ਦੇ ਮੈਂਬਰ ਜਦ ਤਲਾਸ਼ੀ ਲੈਣ ਲੱਗੇ ਤਾਂ ਕਾਰੋਬਾਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਹੇਮੰਤ ਕੁਮਾਰ ਤੇ ਚੇਤਨਾ ਸਿੰਘ ਜ਼ਖ਼ਮੀ ਹੋ ਗਏ। ਮੁਲਜ਼ਮਾਂ ਨੇ ਟੀਮ ਦੀ ਇਨੋਵਾ ਕਾਰ ’ਤੇ ਵੀ ਹਮਲਾ ਕਰ ਕੇ ਭੰਨ-ਤੋਡ਼ ਕੀਤੀ। ਥਾਣਾ ਸਦਰ ਪੁਲਿਸ ਨੇ ਇਸ ਮਾਮਲੇ ’ਚ ਯਸ਼ਪਾਲ ਮਹਿਤਾ, ਉਸ ਦੀ ਨੂੰਹ ਅਲਕਾ ਮਹਿਤਾ, ਸ਼ਕੁੰਬਰਾ ਮਹਿਤਾ ਸਣੇ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।