ਸਾਡੀ ਧਰਤੀ ਦਾ 70 ਫ਼ੀ ਸਦੀ ਹਿੱਸਾ ਪਾਣੀ ਅਤੇ 30 ਫ਼ੀ ਸਦੀ ਹਿੱਸਾ ਜ਼ਮੀਨ ਹੈ। ਪਾਣੀ ਦੀ ਮਿਕਦਾਰ ਜ਼ਿਆਦਾ ਹੋਣ ਕਰਕੇ ਇਸ ਦੇ ਪ੍ਰਦੂਸ਼ਣ ਦੀ ਮਿਕਦਾਰ ਵੀ ਜ਼ਿਆਦਾ ਹੈ। ਪਾਣੀ ਨੂੰ ਪ੍ਰਦੂਸ਼ਿਤ ਕਰਨ ਲਈ ਸਭ ਤੋਂ ਵੱਧ ਹਿੱਸਾ ਸਾਡੀਆਂ ਫ਼ੈਕਟਰੀਆਂ ਅਤੇ ਕਾਰਖਾਨਿਆਂ ਦਾ ਹੈ। ਇਹਨਾਂ ਫ਼ੈਕਟਰੀਆਂ ਅਤੇ ਕਾਰਖਾਨਿਆਂ ਦੁਆਰਾ ਵਾਧੂ ਅਤੇ ਬੇਕਾਰ ਤਰਲ ਪਦਾਰਥ ਅਤੇ ਹੋਰ ਕੱਚਰੇ ਨੂੰ ਪਵਿੱਤਰ ਅਤੇ ਸਾਫ਼ ਸੁਥਰੀਆਂ ਨਦੀਆਂ ਨਾਲਿਆਂ ਰਾਹੀਂ ਬਾਹਰ ਲਗਦੀਆਂ ਨਹਿਰਾਂ, ਝੀਲਾਂ, ਅਤੇ ਤਾਲਾਬਾਂ ਵਿਚ ਮਿਲਾਉਣ ਨਾਲ ਪਾਣੀ ਪ੍ਰਦੂਸ਼ਿਤ ਹੋਣ ਦੇ ਨਾਲ ਨਾਲ ਜ਼ਹਿਰੀਲਾ ਵੀ ਹੁੰਦਾ ਜਾ ਰਿਹਾ ਹੈ।
ਕਿਉਂਕਿ ਕਾਰਖਾਨਿਆਂ ਦਾ ਇਹ ਪਾਣੀ ਤੇਜ਼ਾਬਾਂ ਅਤੇ ਗੈਸਾਂ ਦਾ ਮਿਸ਼ਰਣ ਹੁੰਦਾ ਹੈ ਇਸ ਲਈ ਸ਼ੁੱਧ ਪਾਣੀ ਵਿਚ ਪਾਰਾ, ਕੋਬਾਲਟ, ਨਿੱਕਲ, ਸਲਫ਼ਰ ਆਦਿ ਖਤਰਨਾਕ ਰਸਾਇਣ ਮਿਲਕੇ ਉਸਨੂੰ ਪੂਰੀ ਤਰਾਂ ਨਾਲ ਪ੍ਰਦੂਸ਼ਿਤ ਕਰ ਦਿੰਦੇ ਹਨ। ਇਹ ਦੂਸ਼ਿਤ ਪਾਣੀ ਜੋ ਮਨੁੱਖੀ ਜੀਵਨ ਦੀ ਸਿਹਤ ਲਈ ਤਾਂ ਖਤਰਨਾਕ ਹੈ ਹੀ ਨਾਲ ਹੀ ਨਾਲ ਜੀਵ ਜੰਤੂਆਂ ਅਤੇ ਦਰੱਖਤ ਬੂਟਿਆਂ ਉੱਤੇ ਵੀ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ।
ਸਨਅਤਾਂ ਅਤੇ ਕਾਰਖਾਨਿਆਂ ਦੁਆਰਾ ਦੂਸ਼ਿਤ ਹੋਇਆ ਪਾਣੀ ਜਦੋਂ ਆਮ ਖੁੱਲਾ ਇੱਧਰ ਉੱਧਰ ਖੁੱਲਾ ਛੱਡਿਆ ਜਾਂਦਾ ਹੈ ਤਾਂ ਇਹ ਪਾਣੀ ਹੌਲੀ ਹੌਲੀ ਧਰਤੀ ਵਿਚ ਰਿਸ ਜਾਂਦਾ ਹੈ ਅਤੇ ਧਰਤੀ ਹੇਠਲੇ ਸ਼ੁੱਧ ਪਾਣੀ ਨੂੰ ਵੀ ਦੂਸ਼ਿਤ ਕਰ ਦਿੰਦਾ ਹੈ। ਅਜਿਹੇ ਪਾਣੀ ਨੂੰ ਪੀ ਕੇ ਅਕਸਰ ਕੈਂਸਰ, ਦਮਾਂ ਅਤੇ ਹੋਰ ਕਈ ਤਰਾਂ ਦੇ ਆਂਤੜੀਆਂ ਅਤੇ ਚਮੜੀ ਦੇ ਰੋਗ ਹੋਣ ਦਾ ਭਿਆਨਕ ਖਤਰਾ ਪੈਦਾ ਹੋ ਜਾਂਦਾ ਹੈ।
ਪਿੱਛਲੇ ਦਿਨੀਂ ਪੰਜਾਬ ਦੇ ਵਧੇਰੇ ਸੰਨਅਤ ਵਾਲਿਆਂ ਇਲਾਕਿਆਂ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ ਦੇ ਖਾਸਕਰ ਨਗਰ ਨਿਗਮ ਵੱਲੋਂ ਪਾਈਆਂ ਗਈਆਂ ਪਾਣੀ ਦੀਆਂ ਪਾਈਪਾਂ ਰਾਹੀਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੇ ਜਿਹੜੇ ਸੈਂਪਲ ਪਰਖੇ ਗਏ ਉਹਨਾਂ ਦੇ ਵਧੇਰੇ ਨਤੀਜੇ ਪਾਣੀ ਵਿਚ ਬਹੁਤ ਜ਼ਿਆਦਾ ਪ੍ਰਦੂਸ਼ਣ ਨੂੰ ਦਰਸਾਉਂਦੇ ਸਨ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿਚ ਗੰਦੇ ਪਾਣੀ ਦੇ ਨਿਕਾਸ ਲਈ ਵਿਛਾਇਆ ਸੀਵਰੇਜ ਸਹੀ ਤਰੀਕੇ ਨਾਲ ਕੰਮ ਨਾ ਕਰਦਾ ਹੋਣ ਕਰਕੇ ਗੰਦਾ ਪਾਣੀ ਬਸਤੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਫੈਲ ਜਾਂਦਾ ਹੈ।
ਇਸ ਤਰਾਂ ਖੁੱਲੇ ਇੱਧਰ ਉੱਧਰ ਘੁੰਮਦੇ ਪਾਣੀ ਦੇ ਰਿੱਸਣ ਨਾਲ ਵੀ ਜ਼ਮੀਨ ਦਾ ਹੇਠਲਾ ਪਾਣੀ ਗੰਦਾ ਅਤੇ ਦੂਸ਼ਿਤ ਹੋ ਰਿਹਾ ਹੈ। ਪਿੰਡਾਂ ਵਿਚ ਵੀ ਪੀਣ ਵਾਲੇ ਪਾਣੀ ਵਿਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਖੇਤੀਬਾੜੀ ਵਿੱਚ ਅਕਸਰ ਵਰਤੀਆਂ ਜਾਂਦੀਆਂ ਕੀਟ ਨਾਸ਼ਕ ਜ਼ਹਿਰਾਂ ਅਤੇ ਖਾਦਾਂ ਜਿਵੇਂ ਡੀ.ਡੀ.ਟੀ., ਐਮ. ਐਸ. ਸੀ. ਅਤੇ ਖਤਰਨਾਕ ਰਸਾਇਣਿਕ ਖਾਂਦਾਂ ਦਾ ਕੁਝ ਹਿੱਸਾ ਧਰਤੀ ਵਿੱਚ ਰਿਸ ਕੇ ਧਰਤੀ ਹੇਠਲੇ ਸ਼ੁੱਧ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ।
ਬਰਸਾਤ ਦੇ ਮੌਸਮ ਵਿਚ ਘਰਾਂ ਦਾ ਕੂੜਾ ਕਰਕਟ ਅਤੇ ਸੀਵਰੇਜ ਦੀ ਘਾਟ ਹੋਣ ਕਰਕੇ ਨਗਰ ਨਿਗਮ ਦੇ ਬੇਨਿਯਮਿਤ ਕੂੜੇ ਦੇ ਢੇਰ ਜਿੱਥੇ ਬਦਬੂ ਫੈਲਾਅ ਕੇ ਹਵਾ ਦੂਸ਼ਿਤ ਕਰਦੇ ਹਨ ਉੱਥੇ ਹੀ ਇਹ ਗੰਦਾ ਪਾਣੀ ਇੱਧਰ ਉੱਧਰ ਰੁੜ੍ਹ ਕੇ ਸਾਫ਼ ਜੱਲ ਸਰੋਤਾਂ ਵਿਚ ਮਿਲਕੇ ਉਹਨਾਂ ਨੂੰ ਦੂਸ਼ਿਤ ਕਰਦਾ ਹੈ। ਸਾਬਣ, ਸੋਡਾ ਅਤੇ ਨਵੀਂ ਕਿਸਮ ਦੇ ਕਪੜੇ ਧੋਣ ਵਾਲੇ ਸਰਫ਼ ਦਾ ਜ਼ਿਆਦਾ ਮਾਤਰਾ ਵਿਚ ਪ੍ਰਯੋਗ ਕਰਨ ਨਾਲ ਵੀ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ।
ਨਦੀਆਂ, ਦਰਿਆਵਾਂ ਅਤੇ ਨਹਿਰਾਂ ਦੇ ਕੰਢਿਆਂ ਉੱਤੇ ਕਪੜੇ ਧੋਣ ਨਾਲ ਵੀ ਪਾਣੀ ਪ੍ਰਦੂਸ਼ਿਤ ਹੁੰਦਾ ਹੈ। ਪਾਣੀ ਦਾ ਪ੍ਰਦੂਸ਼ਣ ਅੱਜ ਦੇ ਸਮੇਂ ਦੀ ਸਭ ਤੋਂ ਮਹੱਤਵਪੂਰਣ ਅਤੇ ਖਤਰਨਾਕ ਸਮੱਸਿਆ ਹੈ। ਕਈ ਥਾਵਾਂ ਤੇ ਇਸ ਸਮੱਸਿਆ ਦੇ ਹਲ ਲਈ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ। ਕੁਝ ਫੈਕਟਰੀਆਂ ਦੇ ਮਾਲਕਾਂ ਅਤੇ ਸਨਅਤਕਾਰਾਂ ਦੁਆਰਾ ਆਪਣੀਆਂ ਫੈਕਟਰੀਆਂ ਦੇ ਗੰਦੇ ਪਾਣੀ ਨੂੰ ਵਿਗਆਨਕ ਢੰਗਾਂ ਨਾਲ ਸਾਫ਼ ਕਰਨ ਅਤੇ ਖੇਤੀਬਾੜੀ ਲਈ ਉਸ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।
ਅੱਜ ਸਮੇਂ ਦੀ ਪਹਿਲੀ ਜ਼ਰੂਰਤ ਹੈ ਕਿ ਇਸ ਤਰਾਂ ਦੇ ਉਪਰਾਲੇ ਕੀਤੇ ਜਾਣ ਅਤੇ ਪਾਣੀ ਪ੍ਰਦੂਸ਼ਣ ਨੂੰ ਰੋਕਿਆ ਜਾਵੇ। ਸੜਕਾਂ, ਗਲੀਆਂ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਿਆ ਜਾਵੇ। ਘਰਾਂ ਦੇ ਕੂੜੇ ਕਰਕਟ ਨੂੰ ਇੱਧਰ ਉੱਧਰ ਨਾ ਫ਼ੈਲਾਇਆ ਜਾਵੇ। ਥਾਂ ਥਾਂ ਸੈਮੀਨਾਰ ਲਗਾਏ ਜਾਣ ਅਤੇ ਲੋਕਾਂ ਨੂੰ ਪਾਣੀ ਦੇ ਪ੍ਰਦੂਸ਼ਣ ਪ੍ਰਤੀ ਸੁਚੇਤ ਕੀਤਾ ਜਾਵੇ। ਸਾਡਾ ਭਵਿੱਖ ਸਾਡੇ ਕੀਤੇ ਇਹਨਾਂ ਯਤਨਾਂ ਲਈ ਹਮੇਸ਼ਾਂ ਸਾਡਾ ਰਿਣੀ ਰਹੇਗਾ ਅਤੇ ਇਹ ਕੁਦਰਤ ਹਮੇਸ਼ਾਂ ਲਈ ਜ਼ਿੰਦਾ ਰਹੇਗੀ ਕਿਉਂਕਿ ਜਲ ਹੀ ਜੀਵਨ ਹੈ।
-ਦਿਨੇਸ਼ ਦਮਾਥੀਆ
ਸੰਪਰਕ : 94177-14390