ਨਵਜੋਤ ਸਿੱਧੂ ਨੂੰ ਲੱਭ ਕੇ ਲਿਆਉਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ

ਟੀਵੀ ਪੰਜਾਬ ਬਿਊਰੋ-ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ ਵਿੱਚ ਹਨ। ਨਵਜੋਤ ਸਿੰਘ ਸਿੱਧੂ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਨ ਇਸ ਵਾਰ ਉਹ ਖ਼ੁਦ ਨਹੀਂ ਹਨ ਬਲਕਿ ਉਨ੍ਹਾਂ ਦੇ ਹਲਕੇ ਅੰਮ੍ਰਿਤਸਰ ਦੇ ਲੋਕਾਂ ਨੇ ਹੀ ਉਨ੍ਹਾਂ ਨੂੰ ਸੁਰਖੀਆਂ ਵਿਚ ਲਿਆਂਦਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਹਲਕੇ ਅੰਮ੍ਰਿਤਸਰ ਦੇ ਵਿੱਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਲੱਗੇ ਹੋਏ ਪੋਸਟਰ ਹਨ। ਇਹ ਪੋਸਟਰ ਸਿੱਧੂ ਦੀ ਗੁੰਮਸ਼ੁਦਾ ਦੀ ਭਾਲ ਸਿਰਲੇਖ ਹੇਠ ਲਿਖੇ ਹੋਏ ਹਨ । ਇਸ ਦੇ ਨਾਲ-ਨਾਲ ਇਨ੍ਹਾਂ ਪੋਸਟਰਾਂ ਵਿੱਚ ਸਿੱਧੂ ਨੂੰ ਲੱਭਣ ਵਾਲੇ ਨੂੰ 50,000 ਰੁਪਏ ਦੇਣ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਪੋਸਟਰ ਜੌੜਾ ਫਾਟਕ ਨੇੜੇ ਸਥਿਤ ਰਸੂਲਪੁਰ ਕਲਰ ‘ਚ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਅਨਿਲ ਵਸ਼ਿਸ਼ਟ ਨੇ ਲਗਾਏ ਹਨ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵਿਧਾਨ ਸਭਾ ਹਲਕੇ ‘ਚ ਕਦੇ ਨਹੀਂ ਆਉਂਦੇ, ਜਿਸ ਕਰਕੇ ਲੋਕ ਉਨ੍ਹਾਂ ਨੂੰ ਲੱਭ ਰਹੇ ਹਨ।

ਗੌਰਤਲਬ ਹੈ ਕਿ ਕਿ ਨਵਜੋਤ ਸਿੰਘ ਸਿੱਧੂ ਨੇ ਪੂਰਬੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ ਅਤੇ ਅੱਜ ਇਸੇ ਹਲਕੇ ‘ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਹਨ।  ਰਸੂਲਪੁਰ ਕਲਰ ਉਹ ਖੇਤਰ ਹੈ ਜਿਸ ਨੂੰ ਜੌੜਾ ਫਾਟਕ ਰੇਲ ਹਾਦਸੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਗੋਦ ਲੈਣ ਦੀ ਗੱਲ ਆਖੀ ਸੀ। ਇਸ ਹਲਕੇ ਨਾਲ ਸੰਬੰਧਤ ਲੋਕ ਦੁਸਹਿਰੇ ਵਾਲੇ ਦਿਨ ਵਾਪਰੇ ਰੇਲ ਹਾਦਸੇ ‘ਚ ਮਾਰੇ ਗਏ ਸਨ। ਉਨ੍ਹਾਂ ਦੇ ਬੱਚਿਆਂ ਨੂੰ ਆਸਰਾ ਦੇਣ ਦਾ ਸਿੱਧੂ ਨੇ ਵਾਅਦਾ ਕੀਤਾ ਸੀ।