ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਝੋਨੇ ਦੀ ਖਰੀਦ ਦਾ ਸਿਹਰਾ ਆਪੋ-ਆਪਣੇ ਸਿਰ ਬੰਨ੍ਹਣ ਲੱਗੇ

ਚੰਡੀਗੜ੍ਹ : ਕਿਸਾਨਾਂ ਦੇ ਵਿਰੋਧ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਵਿਚ ਝੋਨੇ ਦੀ ਖਰੀਦ ਕੱਲ੍ਹ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਪਰ ਦੋਵਾਂ ਹੀ ਰਾਜਾਂ ਦੇ ਮੁੱਖ ਮੰਤਰੀ ਇਸ ਦਾ ਸਿਹਰਾ ਆਪੋ ਆਪਣੇ ਸਿਰ ਬੰਨ੍ਹਣ ਲੱਗੇ ਹਨ।

ਪੰਜਾਬ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਪੀਲ ਨੂੰ ਸਵਿਕਾਰਦਿਆਂ ਭਾਰਤ ਸਰਕਾਰ ਨੇ ਸੂਬੇ ਨੂੰ ਭਲਕੇ (3 ਅਕਤੂਬਰ) ਤੋਂ ਝੋਨੇ ਦੀ ਖ਼ਰੀਦ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਸਬੰਧੀ ਤੁਰੰਤ ਨਿੱਜੀ ਦਖ਼ਲ ਦੇ ਕੇ ਖਪਤਕਾਰ ਮਾਮਲਿਆਂ, ਖ਼ੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੂੰ ਸਲਾਹ ਦੇਣ ਲਈ ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ ਹੈ।

ਇਸੇ ਤਰਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਐਲਾਨ ਕਰਦਿਆਂ ਕਿਹਾ ਕਿ ਅੱਜ ਕਿਸਾਨਾਂ ਵੱਲੋਂ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਗਏ ਕਿ ਝੋਨੇ ਦੀ ਖਰੀਦ ਛੇਤੀ ਕੀਤੀ ਜਾਵੇ। ਸਾਡੇ ਮਨ ਵਿਚ ਸੰਵੇਦਨਸ਼ੀਲਤਾ ਵੀ ਹੈ ਕਿ ਖਰੀਦਦਾਰੀ ਅਸਲ ਵਿਚ ਸ਼ੁਰੂ ਹੋਣੀ ਚਾਹੀਦੀ ਹੈ। ਇਸ ਲਈ ਕੱਲ੍ਹ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ