ਕੈਨੇਡਾ ’ਚ 400 ਕਿਲੋ ਮੈਥ ਸਣੇ ਭਾਰਤੀ ਮੂਲ ਦਾ ਟਰੱਕ ਚਾਲਕ ਗਿ੍ਰਫ਼ਤਾਰ

Winnipeg- ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ ਪ੍ਰੇਰੀ ਦੇ ਇਤਿਹਾਸ ’ਚ ਡਰੱਗ ਦੀ ਸਭ ਤੋਂ ਵੱਡੀ ਜ਼ਬਤੀ ਕੀਤੀ ਹੈ। ਡਰੱਗ ਦੀ ਇਹ ਜ਼ਬਤੀ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਪ੍ਰਵੇਸ਼ ਦੁਆਰ ਬੋਇਸਵੇਨ (ਜ਼ਮੀਨ) ਪੋਰਟ ਹੋਈ ਹੈ ਅਤੇ ਪੁਲਿਸ ਨੇ ਇਸ ਮਾਮਲੇ ’ਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਕੋਮਲਪ੍ਰੀਤ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸਿੱਧੂ ਕੋਲੋਂ 400 ਕਿਲੋ ਮੈਥਾਮਫੇਟਾਮਾਈਨ ਬਰਾਮਦ ਹੋਈ ਹੈ। ਕੈਨੇਡਾ ਦੇ ਮੈਨੀਟੋਬਾ ਵਿੱਚ ਇਸ ਖੇਪ ਦੀ ਮਾਰਕੀਟ ਕੀਮਤ 51 ਮਿਲੀਅਨ ਕੈਨੇਡੀਅਨ ਡਾਲਰ ਦੱਸੀ ਗਈ ਹੈ। ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ ਇਸ ਨੂੰ ਪ੍ਰੇਰੀ ਦੇ ਇਤਿਹਾਸ ’ਚ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ ਕਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ. ਸੀ. ਐੱਮ. ਪੀ.) ਨੇ 14 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ। ਤਲਾਸ਼ੀ ਲੈਣ ’ਤੇ ਉਸ ਦੇ ਟਰੱਕ ’ਚੋਂ 406.2 ਕਿਲੋਗ੍ਰਾਮ ਸ਼ੱਕੀ ’ਮੇਥਾਮਫੇਟਾਮਾਈਨ’ ਬਰਾਮਦ ਹੋਈ ਸੀ। ਇਹ ਖੇਪ ਇੱਕ ਵੱਡੇ ਸੂਟਕੇਸ ’ਚ ਪੈਕ ਕੀਤੀ ਗਈ ਸੀ। ਸੀ. ਬੀ. ਐੱਸ. ਏ. ਏਜੰਟਾਂ ਨੂੰ ਸੂਟਕੇਸ ਅੰਦਰ 200 ਵੱਖਰੇ ਤੌਰ ’ਤੇ ਲਪੇਟੇ ਹੋਏ ਪੈਕੇਜ ਮਿਲੇ ਸਨ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐੱਸ. ਏ.) ਦੇ ਖੇਤਰੀ ਡਾਇਰੈਕਟਰ ਜਨਰਲ (ਪ੍ਰੇਰੀ ਰੀਜਨ) ਜਨਾਲੀ ਬੇਲ-ਬਾਇਚੁਕ ਨੇ ਕਿਹਾ ਕਿ ਦੋਸ਼ੀ ’ਤੇ 50 ਮਿਲੀਅਨ ਡਾਲਰ ਤੋਂ ਵੱਧ ਦੀ ਕੀਮਤ ਦੀ ਮੈਥਾਮਫੇਟਾਮਾਈਨ ਦਾ ਆਯਾਤ ਅਤੇ ਕੈਨੇਡਾ ’ਚ ਤਸਕਰੀ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਅੱਗੇ ਆਖਿਆ ਕਿ ਸੀ. ਬੀ. ਐੱਸ. ਏ. ਅਤੇ ਆਰ. ਸੀ. ਐੱਮ. ਪੀ. ਵਲੋਂ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰੋਜ਼ਨਾ ਸਖ਼ਤ ਮਿਹਨਤ ਕੀਤੀ ਜਾਂਦੀ ਹੈ। ਅਧਿਕਾਰੀ ਇਹ ਯਕੀਨੀ ਬਣਾਉਂਦੇ ਹਨ ਕਿ ਸਾਡੇ ਕਾਨੂੰਨਾਂ ਨੂੰ ਤੋੜਨ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। 29 ਸਾਲਾ ਕੋਮਲਪ੍ਰੀਤ ਸਿੱਧੂ ਵਿਨੀਪੈਗ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ 1 ਫਰਵਰੀ ਨੂੰ ਮੈਨੀਟੋਬਾ ਲਾਅ ਕੋਰਟ ’ਚ ਪੇਸ਼ ਕੀਤਾ ਗਿਆ ਹੈ।