ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਉਹ 18 ਨੁਕਾਤੀ ਏਜੰਡੇ ‘ਚੋਂ 13 ਨੂੰ ਪਹਿਲ ਦੇਣ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲਿਆਂ ‘ਚ ਇਨਸਾਫ਼ ਦੇਣ ਤੋਂ ਇਲਾਵਾ ਪੰਜਾਬ ‘ਚ ਲੈਂਡ ਮਾਫ਼ੀਆ, ਸੈਂਡ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਮਹਿੰਗੀ ਬਿਜਲੀ, ਡਰੱਗਜ਼, ਬੇਰੁਜ਼ਗਾਰੀ ਤੇ ਗਰੀਬ ਪਿਛੜੇ ਵਰਗ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਸੋਨੀਆ ਗਾਂਧੀ ਨੇ ਨਾਰਾਜ਼ ਲੀਡਰਾਂ ਨੂੰ ਸਾਫ਼ ਤੌਰ ‘ਤੇ ਕਿਹਾ ਸੀ ਕਿ ਮੀਡੀਆ ਨਾਲ ਗੱਲਬਾਤ ਕਰਨ ਦੀ ਥਾਂ ਸਿੱਧਾ ਮੇਰੇ ਨਾਲ ਗੱਲਬਾਤ ਕੀਤੀ ਜਾਵੇ। ਸੋਨੀਆ ਗਾਂਧੀ ਨੇ ਕਿਹਾ ਸੀ ਕਿ ਅਸੀਂ ਕਦੇ ਵੀ ਜਨਤਕ ਮਹੱਤਤਾ ਅਤੇ ਚਿੰਤਾ ਦੇ ਮੁੱਦੇ ਨੂੰ ਅਣਦੇਖਿਆ ਨਹੀਂ ਹੋਣ ਦਿੱਤਾ ਪਰ ਮੀਡੀਆ ਰਾਹੀਂ ਮੇਰੇ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ।
ਸੋਨੀਆ ਗਾਂਧੀ ਨੇ ਦੱਸਿਆ ਸੀ ਕਿ ਪਾਰਟੀ ਨੇ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਸੀ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਸੰਗਠਨ ਮਜ਼ਬੂਤ ਹੋਵੇ ਅਤੇ ਅਸੀਂ ਸਾਰੇ ਇਸਦੇ ਲਈ ਕੰਮ ਕਰ ਰਹੇ ਹਾਂ।
ਟੀਵੀ ਪੰਜਾਬ ਬਿਊਰੋ