ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ 11 ਵਜੇ ਚੰਡੀਗੜ੍ਹ ਵਿਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪ੍ਰੈਸ ਕਾਨਫਰੰਸ ਦਾ ਸਿੱਧਾ ਪ੍ਰਸਾਰਨ ਉਨ੍ਹਾਂ ਦੇ ਫੇਸ ਬੁੱਕ ਪੇਜ ‘ਤੇ ਕੀਤਾ ਜਾਵੇਗਾ।
ਸਮਝਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਪਾਸੇ ਕੀਤਾ ਹੈ, ਉਹ ਉਦੋਂ ਤੋਂ ਹੀ ਹਾਈ ਕਮਾਨ ਅਤੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨੇ ਸਾਧ ਰਹੇ ਹਨ।
ਉਨ੍ਹਾਂ ਨੇ ਭਾਜਪਾ ਵਿਚ ਸ਼ਾਮਿਲ ਹੋਣ ਦੀਆਂ ਕਿਆਸ ਅਰਾਈਆਂ ਨੂੰ ਉਸ ਸਮੇ ਵਿਰਾਮ ਲਗਾ ਦਿੱਤਾ ਸੀ ਜਦੋ ਉਨ੍ਹਾਂ ਕਿਹਾ ਸੀ ਕਿ ਉਹ ਭਾਜਪਾ ਵਿਚ ਨਹੀਂ ਜਾਣਗੇ ਪਰ ਕਾਂਗਰਸ ਵਿਚ ਵੀ ਨਹੀਂ ਰਹਿਣਗੇ ਕਿਉਂਕਿ ਉਨ੍ਹਾਂ ਨੂੰ ਜਲੀਲ ਕਰਕੇ ਅਹੁਦੇ ਤੋਂ ਹਟਾਇਆ ਗਿਆ ਹੈ।
ਅਜਿਹੇ ਵਿਚ ਸਮਝਿਆ ਜਾ ਰਿਹਾ ਹੈ ਕਿ ਉਹ ਕੱਲ੍ਹ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ।
ਕੈਪਟਨ ਨੂੰ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ : ਰੰਧਾਵਾ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ। ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਪਾਰਟੀ ਬਣਾ ਕੇ ਵੱਡੀ ਗਲਤੀ ਕਰਨਗੇ।
ਬੀ.ਐੱਸ.ਐਫ. ਦੇ ਮੁੱਦੇ ‘ਤੇ ਬੋਲਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਹੈ। ਉੱਥੇ ਹੀ ਉਨ੍ਹਾਂ ਨੇ ਇਸ ਮੌਕੇ ਅਰੂਸਾ ਆਲਮ ਨੂੰ ਲੈ ਕੇ ਵੀ ਕੈਪਟਨ ਨੂੰ ਨਿਸ਼ਾਨੇ ‘ਤੇ ਲਿਆ।
ਜ਼ਿਕਰਯੋਗ ਹੈ ਕਿ ਅਰੂਸਾ ਆਲਮ ਨੂੰ ਲੈ ਕੇ ਰੰਧਾਵਾ ਸਮੇਤ ਪਹਿਲਾਂ ਵੀ ਕਈ ਨੇਤਾਵਾਂ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਉਂਗਲਾਂ ਚੁੱਕੀਆਂ ਸਨ ਪਰ ਕੈਪਟਨ ਵੱਲੋਂ ਅਰੂਸਾ ਦੀ ਇਕ ਫੋਟੋ ਸੋਨੀਆ ਗਾਂਧੀ ਨਾਲ ਵਾਇਰਲ ਕਰਨ ਤੋਂ ਬਾਅਦ ਇਨ੍ਹਾਂ ਨੇ ਯੂ-ਟਰਨ ਲੈ ਲਿਆ ਸੀ।
ਟੀਵੀ ਪੰਜਾਬ ਬਿਊਰੋ