PAU ਨੇ ਪਰਾਲੀ ਦੀ ਸੰਭਾਲ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ

ਲੁਧਿਆਣਾ : ਪੀ.ੲ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਨਾਬਾਰਡ ਦੇ ਨਾਲ ਸਾਂਝੇ ਪ੍ਰੋਜੈਕਟ ਵਿੱਚ ਮੋਗਾ ਅਤੇ ਫਿਰੋਜ਼ਪੁਰ ਦੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਜਾਗਰੂਕ ਕੀਤਾ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪਰਾਲੀ ਦੀ ਸੰਭਾਲ ਮਿੱਟੀ ਵਿੱਚ ਪੌਸ਼ਕ ਤੱਤਾਂ ਨੂੰ ਵਧਾਉਣ ਦੇ ਨਾਲ-ਨਾਲ ਵਾਤਾਵਰਨ ਪੱਖੀ ਤਰੀਕਾ ਵੀ ਹੈ।

ਉਹਨਾਂ ਕਿਹਾ ਕਿ ਮੋਗਾ ਅਤੇ ਫਿਰੋਜ਼ਪੁਰ ਦੋਵਾਂ ਜ਼ਿਲਿਆਂ ਦੇ ਕਿਸਾਨਾਂ ਨੂੰ ਪਰਾਲੀ ਦੇ ਸੰਭਾਲ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂੰ ਕਰਵਾ ਕੇ ਇਸ ਦਿਸ਼ਾ ਚ ਕਾਰਜ ਕੀਤਾ ਜਾ ਰਿਹਾ ਹੈ। ਡਾ. ਧਰਮਿੰਦਰ ਸਿੰਘ ਨੇ ਨਾਬਾਰਡ ਦੀਆਂ ਉਹਨਾਂ ਯੋਜਨਾਵਾਂ ਦਾ ਜ਼ਿਕਰ ਕੀਤਾ ਜੋ ਪਰਾਲੀ ਦੀ ਸੰਭਾਲ ਨਾਲ ਜੁੜੀਆਂ ਹੋਈਆਂ ਹਨ।

ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੇ ਉਪ ਨਿਰਦੇਸ਼ਕ ਡਾ. ਜੀ ਐਸ ਔਲਖ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੇ ਡਾ. ਪਰਮਿੰਦਰ ਕੌਰ ਨੇ ਪਰਾਲੀ ਸਾੜਨ ਦੇ ਮਾਰੂ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਦਾ ਜ਼ਿਕਰ ਕੀਤਾ।

ਮਸ਼ੀਨਰੀ ਮਾਹਿਰਾਂ ਨੇ ਵੀ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਡਾ. ਲਖਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਕਿਸਾਨਾਂ ਨੇ ਮਾਹਿਰਾਂ ਨੂੰ ਆਪਣੇ ਤਜਰਬੇ ਦੱਸੇ। ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ ਦੀਆਂ ਨਵੀਆਂ ਕਿਸਮਾਂ ਮੁਹੱਈਆ ਕਰਵਾਈਆਂ ਗਈਆਂ।

ਟੀਵੀ ਪੰਜਾਬ ਬਿਊਰੋ