ਐਨ.ਆਰ.ਆਈ. ਵਿਆਹਾਂ ਬਾਰੇ ਵੈਬੀਨਾਰ 17 ਨਵੰਬਰ ਨੂੰ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ 17 ਨਵੰਬਰ 2021 ਨੂੰ ਨੈਸ਼ਨਲ ਮਹਿਲਾ ਕਮਿਸ਼ਨ , ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬ ਦੇ ਨੌਜਵਾਨਾਂ ਲਈ “ਐਨ ਆਰ ਆਈ ਵਿਆਹ : ਮੁੱਦੇ , ਚਣੌਤੀਆਂ ਅਤੇ ਭਵਿੱਖ ਦੇ ਰਾਹ” ਵਿਸ਼ੇ ਤੇ ਵੈਬੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਵੱਧ ਤੋਂ ਵੱਧ ਲੋਕਾਂ ਤੱਕ ਇਸ ਵਿਸ਼ੇ ਬਾਰੇ ਜਾਣਕਾਰੀ ਪਹੁੰਚਾਉਣ ਲਈ ਵੈਬੀਨਾਰ ਦਾ ਮਾਧਿਅਮ ਰੱਖਿਆ ਗਿਆ ਹੈ। ਵੈਬੀਨਾਰ ਦੇ ਕਨਵੀਨਰ ਡਾ. ਰਿਤੁ ਮਿੱਤਲ ਗੁਪਤਾ ਨੇ ਦੱਸਿਆ ਕਿ ਪੰਜਾਬ ਵਿਚ ਐਨ ਆਰ ਆਈ ਨਾਲ ਵਿਆਹ ਇਕ ਰੁਝਾਨ ਬਣ ਗਿਆ ਹੈ।

ਇਸੇ ਲਈ ਨੌਜਵਾਨਾਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਪਰਵਾਸੀ ਭਾਰਤੀ ਵਿਆਹਾਂ ਨਾਲ ਜੁੜੇ ਮੁੱਦਿਆਂ ਅਤੇ ਚੁਣੌਤੀਆਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਇਹ ਵੈਬੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਵੈਬੀਨਾਰ ਨਾ ਸਿਰਫ ਲੜਕੀਆਂ ਸਗੋਂ ਲੜਕਿਆਂ ਨੂੰ ਵੀ ਧੋਖੇਬਾਜ਼ੀ ਅਤੇ ਹੋਰ ਨੁਕਸਾਨ ਤੋਂ ਬਚਾਅ ਲਈ ਲੋੜੀਂਦੇ ਗਿਆਨ ਬਾਰੇ ਸਿੱਖਿਅਤ ਕਰੇਗਾ।

ਨਾਲ ਹੀ ਪਰਵਾਸੀ ਭਾਰਤੀ ਵਿਆਹਾਂ ਸੰਬੰਧੀ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਸਹਾਇਤਾ ਅਤੇ ਕਾਨੂੰਨਾਂ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਵਿਚ ਸਹਾਇਕ ਸਿੱਧ ਹੋਵੇਗਾ। ਉਹਨਾਂ ਨੇ ਕਿਹਾ ਕਿ ਨੌਜਵਾਨ ਅਤੇ ਉਹਨਾਂ ਦੇ ਪਰਿਵਾਰ ਇਸ ਵੈਬੀਨਾਰ ਵਿਚ ਭਾਗ ਲੈ ਸਕਦੇ ਹਨ।

ਟੀਵੀ ਪੰਜਾਬ ਬਿਊਰੋ