ਪੰਜਾਬ ਦੇ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਅੱਜ, ਦੋਆਬੇ ਨੂੰ ਮਿਲ ਸਕਦੀ ਹੈ ਵੱਧ ਪ੍ਰਤੀਨਿਧਤਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ਅੱਜ ਸਾਢੇ ਚਾਰ ਵਜੇ ਸਹੁੰ ਚੁੱਕ ਰਹੀ ਹੈ। ਇਸ ਨਵੀਂ ਟੀਮ ਸੂਚੀ ਵਿਚ ਦੋਆਬੇ ਨੂੰ ਤਿੰਨ ਕੈਬਨਿਟ ਮੰਤਰੀ ਮਿਲਣਾ ਤੈਅ ਹੈ। ਦੁਆਬਾ ਦੇ 23 ਵਿਧਾਨ ਸਭਾ ਹਲਕਿਆਂ ਵਿਚੋਂ ਪੰਜਾਬ ਵਿਧਾਨ ਸਭਾ ਵਿਚ ਕਾਂਗਰਸ ਦੇ 18 ਵਿਧਾਇਕ ਹਨ ਪਰ ਇੰਨਾ ਵੱਡਾ ਖੇਤਰ ਹੋਣ ਦੇ ਬਾਵਜੂਦ, ਹੁਸ਼ਿਆਰਪੁਰ ਜ਼ਿਲ੍ਹੇ ਦੇ ਸੁੰਦਰ ਸ਼ਾਮ ਅਰੋੜਾ ਹੀ ਕੈਬਨਿਟ ਮੰਤਰੀ ਸਨ।

ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਦੋਆਬਾ ਦੀ ਪ੍ਰਤੀਨਿਧਤਾ ਘੱਟ ਸੀ-10 ਮੰਤਰੀ ਮਾਲਵਾ ਖੇਤਰ ਦੇ, ਪੰਜ ਮਾਝਾ ਖੇਤਰ ਦੇ ਅਤੇ ਦੁਆਬੇ ਦਾ ਸਿਰਫ ਇਕ ਹੀ ਮੰਤਰੀ ਸੀ। ਇਥੋਂ ਤਕ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਮਾਝੇ ਤੋਂ ਮੰਤਰੀ ਸਨ, ਜਿਨ੍ਹਾਂ ਨੇ ਬਾਅਦ ਵਿਚ ਅਸਤੀਫਾ ਦੇ ਦਿੱਤਾ। ਦੁਆਬੇ ਨੂੰ ਚੰਨੀ ਦੇ ਮੰਤਰੀ ਮੰਡਲ ਵਿਚ ਵੱਡੀ ਪ੍ਰਤੀਨਿਧਤਾ ਮਿਲਣ ਦੀ ਸੰਭਾਵਨਾ ਹੈ। ਜਦੋਂ 2017 ਵਿਚ ਕਾਂਗਰਸ ਸੱਤਾ ਵਿਚ ਆਈ, ਦੋਆਬਾ ਤੋਂ ਦੋ ਮੰਤਰੀ ਚੁਣੇ ਗਏ, ਜਿਨ੍ਹਾਂ ਵਿਚ ਸੁੰਦਰ ਸ਼ਾਮ ਅਰੋੜਾ ਅਤੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਰਾਣਾ ਗੁਰਜੀਤ ਸਿੰਘ ਸ਼ਾਮਲ ਸਨ।

ਦੋਆਬਾ ਤੋਂ 2017 ਵਿਚ ਵਿਧਾਨ ਸਭਾ ਵਿਚ 15 ਵਿਧਾਇਕ ਸਨ ਅਤੇ ਫਿਰ ਕਾਂਗਰਸ ਨੇ ਇੱਥੋਂ 2018 ਅਤੇ 2019 ਵਿਚ ਦੋ ਹੋਰ ਵਿਧਾਨ ਸਭਾ ਸੀਟਾਂ ਜਿੱਤੀਆਂ, ਸ਼ਾਹਕੋਟ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਦੀਆਂ ਉਪ ਚੋਣਾਂ ਅਤੇ ਫਿਰ ਭੁਲੱਥ ਤੋਂ ਆਪ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਉਨ੍ਹਾਂ ਨਾਲ ਸ਼ਾਮਲ ਹੋਏ।

ਵਿਧਾਨ ਸਭਾ ਵਿਚ ਕਾਂਗਰਸੀ ਵਿਧਾਇਕਾਂ ਦੀ ਗਿਣਤੀ 18 ਹੋ ਗਈ ਹੈ ਜਿਸ ਵਿਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਸ਼ਾਮਲ ਹਨ। ਜਲੰਧਰ ਦੀਆਂ ਨੌਂ ਸੀਟਾਂ ਵਿਚੋਂ ਕਾਂਗਰਸ ਦੇ ਛੇ ਵਿਧਾਇਕ ਹਨ। ਕਪੂਰਥਲਾ ਵਿਚ ਚਾਰ ਕਾਂਗਰਸੀ ਵਿਧਾਇਕ। ਨਵਾਂਸ਼ਹਿਰ ਦੀਆਂ ਤਿੰਨ ਸੀਟਾਂ ਵਿਚੋਂ ਦੋ ਕਾਂਗਰਸੀ ਵਿਧਾਇਕ ਹਨ ਅਤੇ ਹੁਸ਼ਿਆਰਪੁਰ ਦੇ ਸੱਤ ਹਲਕਿਆਂ ਵਿਚੋਂ ਛੇ ਕਾਂਗਰਸੀ ਵਿਧਾਇਕ ਹਨ।

ਕੈਬਨਿਟ ਵਿਚ ਸੱਤ ਨਵੇਂ ਚਿਹਰੇ ਸ਼ਾਮਲ ਹੋਣ ਦੀ ਸੰਭਾਵਨਾ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕੈਬਨਿਟ ਵਿਚ ਸੱਤ ਨਵੇਂ ਚਿਹਰੇ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ ਜਦੋਂ ਕਿ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿਚ ਸ਼ਾਮਲ ਪੰਜ ਮੰਤਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।

ਨਵੇਂ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਅੰਤਿਮ ਸੂਚੀ ਤਿਆਰ ਹੋਣ ਤੋਂ ਬਾਅਦ, ਮੁੱਖ ਮੰਤਰੀ ਚੰਨੀ ਨੇ ਸ਼ਨੀਵਾਰ ਦੁਪਹਿਰ 12.30 ਵਜੇ ਰਾਜ ਭਵਨ ਵਿਚ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ।

ਰਾਜਪਾਲ ਨੂੰ ਮਿਲਣ ਤੋਂ ਬਾਅਦ ਚੰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਐਤਵਾਰ ਸ਼ਾਮ 4.30 ਵਜੇ ਹੋਵੇਗਾ। ਦਿੱਲੀ ਤੋਂ ਵਾਪਸੀ ਦੇ ਕੁਝ ਘੰਟਿਆਂ ਬਾਅਦ ਚੰਨੀ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ।

ਦਿੱਲੀ ਵਿਚ ਉਨ੍ਹਾਂ ਨੇ ਨਵੇਂ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਵਾਲੇ ਚਿਹਰਿਆਂ ਬਾਰੇ ਪਾਰਟੀ ਹਾਈ ਕਮਾਂਡ ਨਾਲ ਅੰਤਿਮ ਪੜਾਅ ’ਤੇ ਚਰਚਾ ਕੀਤੀ। ਸੂਤਰਾਂ ਅਨੁਸਾਰ ਪਰਗਟ ਸਿੰਘ, ਰਾਜਕੁਮਾਰ ਵੇਰਕਾ, ਗੁਰਕੀਰਤ ਸਿੰਘ ਕੋਟਲੀ, ਸੰਗਤ ਸਿੰਘ ਗਿਲਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਜੀਤ ਸਿੰਘ ਨਾਗਰਾ ਅਤੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਸਮਝਿਆ ਜਾਂਦਾ ਹੈ ਕਿ ਪਾਰਟੀ ਨੇ ਵਿਜੈ ਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ, ਸੁਖਵਿੰਦਰ ਸਿੰਘ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣ ਚੌਧਰੀ, ਰਜ਼ੀਆ ਸੁਲਤਾਨ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਬਰਕਰਾਰ ਰੱਖਣ ਦਾ ਫੈਸਲਾ ਲਿਆ ਹੈ, ਜੋ ਅਮਰਿੰਦਰ ਸਿੰਘ ਸਰਕਾਰ ਵਿਚ ਵੀ ਮੰਤਰੀ ਸਨ।

ਹਾਲਾਂਕਿ, ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਵਿਚ ਮੰਤਰੀ ਰਹੇ ਪੰਜ ਵਿਧਾਇਕਾਂ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਮੰਤਰੀ ਮੰਡਲ ਵਿਚੋਂ ਕੱਢਿਆ ਜਾ ਸਕਦਾ ਹੈ।

ਦਿੱਲੀ ਵਿਖੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਸੀਨੀਅਰ ਮੈਂਬਰਾਂ ਦੇ ਨਾਲ ਬੈਠਕ ਦੇ ਬਾਅਦ ਚੰਨੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਦੇ ਨਾਮਾਂ ਉੱਤੇ ਸਹਿਮਤੀ ਬਣੀ। ਚੰਨੀ ਨੂੰ ਕਾਂਗਰਸ ਹਾਈ ਕਮਾਂਡ ਨੇ ਸ਼ੁੱਕਰਵਾਰ ਨੂੰ ਕੈਬਨਿਟ ਵਿਸਥਾਰ ਬਾਰੇ ਵਿਚਾਰ ਵਟਾਂਦਰੇ ਲਈ ਦਿੱਲੀ ਬੁਲਾਇਆ ਸੀ।

ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਹਨ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਹਨ। ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਰਾਜਕੁਮਾਰ ਵੇਰਕਾ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ ਜਦੋਂ ਕਿ ਗੁਰਕੀਰਤ ਸਿੰਘ ਕੋਟਲੀ ਖੰਨਾ ਤੋਂ ਵਿਧਾਇਕ ਹਨ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ।

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਹੋਰ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਹਨ ਅਤੇ ਇਸ ਸਮੇਂ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਨ। ਮੁੱਖ ਮੰਤਰੀ ਚੰਨੀ ਅਤੇ ਦੋ ਉਪ ਮੁੱਖ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਸਮੇਤ ਕੁੱਲ 18 ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਟੀਵੀ ਪੰਜਾਬ ਬਿਊਰੋ