ਨਵੇਂ ਨਿਯੁਕਤ ਅਧਿਆਪਕਾਂ ਲਈ ਓਰਿਐਂਟੇਸ਼ਨ ਕੋਰਸ ਆਰੰਭ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਅੱਜ 10 ਰੋਜਾ ਓਰਿਐਂਟੇਸ਼ਨ ਕੋਰਸ ਆਰੰਭ ਹੋਇਆ। ਨਵੇਂ ਨਿਯੁਕਤ ਅਧਿਆਪਕਾਂ ਲਈ ਆਰੰਭ ਹੋਏ ਇਸ ਕੋਰਸ ਦਾ ਉਦੇਸ਼ ਅਧਿਆਪਨ, ਖੋਜ ਅਤੇ ਪਸਾਰ ਦੇ ਪ੍ਰਭਾਵਸ਼ਾਲੀ ਤਰੀਕਿਆਂ ਤੋਂ ਜਾਣੂੰ ਕਰਵਾਉਣਾ ਹੈ।

ਇਸ ਕੋਰਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਤੋਂ 44 ਨਵੇਂ ਨਿਯੁਕਤ ਅਧਿਆਪਕ ਹਿੱਸਾ ਲੈ ਰਹੇ ਹਨ। ਇਸ ਕੋਰਸ ਦਾ ਮੰਤਵ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਖੋਜ, ਪਸਾਰ ਅਤੇ ਅਧਿਆਪਨ ਢਾਂਚੇ ਤੋਂ ਵਾਕਫ ਕਰਵਾ ਕੇ ਉਹਨਾਂ ਨੂੰ ਬੁਨਿਆਦੀ ਜਾਣਕਾਰੀ ਨਾਲ ਭਰਪੂਰ ਕਰਨਾ ਹੈ।

ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਅਤੇ ਸੇਵਾ ਮੁਕਤ ਵਿਗਿਆਨੀ ਵੀ ਆਪਣੇ ਭਾਸ਼ਣਾਂ ਰਾਹੀਂ ਸੰਬੰਧਿਤ ਵਿਸ਼ਿਆਂ ਬਾਰੇ ਨੁਕਤੇ ਸਾਂਝੇ ਕਰਨਗੇ। ਵਿਭਾਗ ਦੇ ਮੁਖੀ ਡਾ. ਕੰਵਲਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਇਸ ਕੋਰਸ ਰਾਹੀਂ ਯੂਨੀਵਰਸਿਟੀ ਨੂੰ ਹੋਣਹਾਰ ਅਧਿਆਪਕਾਂ ਦੀ ਸਿਖਲਾਈ ਦਾ ਮੌਕਾ ਮਿਲਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਨਾਲ ਸੰਬੰਧਤ ਬੁਨਿਆਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਨੇ ਆਰੰਭਕ ਸੈਸ਼ਨ ਵਿਚ ਨਵੇਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਪੀ.ਏ.ਯੂ. ਦੇ ਸ਼ਾਨਾਮੱਤੇ ਇਤਿਹਾਸ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਨਵੇਂ ਯੁੱਗ ਦੀਆਂ ਲੋੜਾਂ ਅਨੁਸਾਰ ਨਵੇਂ ਅਮਲੇ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ। ਡਾ. ਪ੍ਰੀਤੀ ਸ਼ਰਮਾ ਨੇ ਸਿਖਿਆਰਥੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ।

ਕੋਰਸ ਦੇ ਨਿਰਦੇਸ਼ਕ ਡਾ. ਰਿਤੂ ਮਿੱਤਲ ਗੁਪਤਾ ਨੇ ਕੋਰਸ ਦੀ ਰੂਪਰੇਖਾ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਤ ਵਿਚ ਡਾ. ਸੁਖਦੀਪ ਕੌਰ ਨੇ ਭਾਗ ਲੈਣ ਵਾਲ਼ਿਆਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਕੋਰਸ 3 ਦਸੰਬਰ ਤੱਕ ਚੱਲੇਗਾ।

ਟੀਵੀ ਪੰਜਾਬ ਬਿਊਰੋ