ਟੀਵੀ ਪੰਜਾਬ ਬਿਊਰੋ-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਹਨੀਪ੍ਰੀਤ ਦੀ ਮਿਲਣੀ ਵਿਚ ਹੋਰ ਅੜਿੱਕਾ ਪੈਣ ਦੀ ਖਬਰ ਹੈ। ਹਨੀਪ੍ਰੀਤ ਨੂੰ ਮੇਦਾਂਤਾ ਹਸਪਤਾਲ ਵਿਚ ਡੇਰਾ ਮੁਖੀ ਦੀ ਅਟੈਂਡੈਂਟ ਬਣਾਇਆ ਗਿਆ ਸੀ। ਇਸਦੇ ਚੌਵੀ ਘੰਟਿਆਂ ਬਾਅਦ ਹੀ ਰੋਹਤਕ ਪੁਲੀਸ ਨੇ ਇਸ ’ਤੇ ਇਤਰਾਜ਼ ਜ਼ਾਹਿਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿਚ ਕੋਵਿਡ ਪਾਜ਼ੇਟਿਵ ਪਾਇਆ ਗਿਆ ਸੀ। ਰਾਮ ਰਹੀਮ ਕਈ ਚਿਰ ਤੋਂ ਹਨੀਪ੍ਰੀਤ ਨਾਲ ਮੁਲਾਕਾਤ ਲਈ ਜ਼ੋਰ ਪਾ ਰਿਹਾ ਸੀ। ਹਸਪਤਾਲ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਹਨੀਪ੍ਰੀਤ, ਜਿਸ ਨੂੰ ਡੇਰਾ ਮੁਖੀ ਆਪਣੀ ਗੋਦ ਲਈ ਹੋਈ ਧੀ ਵੀ ਦੱਸਦਾ ਹੈ, ਨੂੰ ਰਾਮ ਰਹੀਮ ਤੱਕ ਪਹੁੰਚ ਦੇ ਦਿੱਤੀ ਗਈ ਸੀ। ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਬਣਾ ਦਿੱਤਾ ਗਿਆ ਸੀ ਜਿਸ ਦੀ ਮਿਆਦ 15 ਜੂਨ ਤੱਕ ਸੀ। ਰੋਹਤਕ ਪੁਲੀਸ ਦੇ ਡੀਐੱਸਪੀ ਸ਼ਮਸ਼ੇਰ ਸਿੰਘ ਦਾਹੀਆ ਨੇ ਮੇਦਾਂਤਾ ਹਸਪਤਾਲ ਦੀ ਮੈਨੇਜਮੈਂਟ ਨਾਲ ਸੰਪਰਕ ਕਰ ਕੇ ਦਾਅਵਾ ਕੀਤਾ ਕਿ ਹਨੀਪ੍ਰੀਤ ਨੂੰ ਇਸ ਤਰ੍ਹਾਂ ਡੇਰਾ ਮੁਖੀ ਕੋਲ ਰਹਿਣ ਦੀ ਇਜਾਜ਼ਤ ਦੇਣਾ ਜੇਲ੍ਹ ਨਿਯਮਾਂ ਤੇ ਹੋਰਨਾਂ ਹਦਾਇਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਉਹ ਕੈਦੀ ਹੈ ਤੇ ਕੁਝ ਵੀ ਕਰ ਸਕਦਾ ਹੈ, ਖ਼ੁਦ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜਾਂ ਭੱਜਣ ਦਾ ਯਤਨ ਕਰ ਸਕਦਾ ਹੈ। ਹਨੀਪ੍ਰੀਤ ਨੂੰ ਮਿਲਣ ਦੀ ਇਜਾਜ਼ਤ ਦੇਣਾ ਖ਼ਤਰਨਾਕ ਹੈ।
ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਹਸਪਤਾਲ ਨੂੰ ਜਾਣੂ ਕਰਵਾ ਦਿੱਤਾ ਹੈ ਕਿ ਜੇ ਡੇਰਾ ਮੁਖੀ ਡਾਕਟਰਾਂ ਤੋਂ ਬਿਨਾਂ ਕਿਸੇ ਹੋਰ ਨੂੰ ਮਿਲਦਾ ਹੈ ਤੇ ਕੋਈ ਮਸਲਾ ਹੁੰਦਾ ਹੈ ਤਾਂ ਇਸ ਲਈ ਹਸਪਤਾਲ ਜ਼ਿੰਮੇਵਾਰ ਹੋਵੇਗਾ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹਸਪਤਾਲ ਅਥਾਰਿਟੀ ਮੀਡੀਆ ਕਵਰੇਜ ਤੇ ਪੁਲੀਸ ਦੇ ਦਖ਼ਲ ਤੋਂ ਬਾਅਦ ਘਬਰਾ ਗਈ ਹੈ ਅਤੇ ਹਨੀਪ੍ਰੀਤ ਨੂੰ ਦਿੱਤੀ ਪਹੁੰਚ ਰੱਦ ਕਰਨ ਬਾਰੇ ਸੋਚ ਰਹੀ ਹੈ। ਮੈਨੇਜਮੈਂਟ ਉਸ ਨੂੰ ਜਲਦੀ ਆਪਣੇ ਹਸਪਤਾਲ ਤੋਂ ਰੋਹਤਕ ਦੇ ਹਸਪਤਾਲ ਤਬਦੀਲ ਕਰਨ ਲਈ ਵੀ ਕੰਮ ਕਰ ਰਹੀ ਹੈ।
ਡੇਰਾ ਮੁਖੀ ਦਾ ਇਲਾਜ ਕਰ ਰਹੇ ਇਕ ਡਾਕਟਰ ਨੇ ਦੱਸਿਆ ਕਿ ਉਹ ਸਾਰੇ ਟੈਸਟ ਕਰ ਲਏ ਗਏ ਹਨ ਜੋ ਰੋਹਤਕ ਵਿਚ ਨਹੀਂ ਸਨ। ਇਲਾਜ ਲਈ ਨੀਤੀ ਬਣ ਚੁੱਕੀ ਹੈ। ਡੇਰਾ ਮੁਖੀ ਨੂੰ ਜਲਦੀ ਹੀ ਜੇਲ੍ਹ ਵੱਲੋਂ ਮਨਜ਼ੂਰਸ਼ੁਦਾ ਹਸਪਤਾਲ ਵਿਚ ਭੇਜਿਆ ਜਾ ਸਕਦਾ ਹੈ।
ਜੇਲ੍ਹ ਮੰਤਰੀ ਚੌਟਾਲਾ ਨੇ ਹਨੀਪ੍ਰੀਤ ਨੂੰ ਡੇਰਾ ਮੁਖੀ ਦੀ ਅਟੈਂਡੈਂਟ ਬਣਾਏ ਜਾਣ ਨੂੰ ਸਹੀ ਠਹਿਰਾਇਆ
ਗੌਰਤਲਬ ਹੈ ਕਿ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨੇ ਹਨੀਪ੍ਰੀਤ ਨੂੰ ਡੇਰਾ ਮੁਖੀ ਦੀ ਅਟੈਂਡੈਂਟ ਬਣਾਏ ਜਾਣ ਦਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮਾਂ ਮੁਤਾਬਕ ਹੀ ਹੈ। ਚੌਟਾਲਾ ਨੇ ਕਿਹਾ ‘ਹਰੇਕ ਕੈਦੀ ਨੂੰ ਪਰਿਵਾਰ ਨਾਲ ਮਿਲਣ ਦਾ ਹੱਕ ਹੈ, ਹਸਪਤਾਲ ਵਿਚ ਤਾਂ ਹੋਰ ਵੀ ਜ਼ਿਆਦਾ, ਇਸ ਦੀ ਇਜਾਜ਼ਤ ਸਭ ਨੂੰ ਹੈ। ਅਸੀਂ ਹਸਪਤਾਲ ਤੇ ਜੇਲ੍ਹ ਦੇ ਨਿਯਮਾਂ ਮੁਤਾਬਕ ਹੀ ਚੱਲ ਰਹੇ ਹਾਂ।’