ਸਿੱਧੂ ਨੇ ਭਗਵੰਤ ਮਾਨ ਨੂੰ ਦਿੱਤੀ ਵਧਾਈ , ਬੋਲੇ ‘ਠੋਕ ਦਿਓ ਚੋਰ’

ਬਠਿੰਡਾ – ਪੰਜਾਬ ਦੀ ਸਿਆਸਤ ਚ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਇਕ ਸਿਆਸੀ ਪਾਰਟੀ ਦੇ ਸਾਬਕਾ ਪ੍ਰਧਾਨ ਨੇ ਮੌਜੂਦਾ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਹੀ ਸਾਬਕਾ ਸਰਕਾਰ ਖਿਲਾਫ ਕਾਰਵਾਈ ਕਰਨ ‘ਤੇ ਵਧਾਈ ਦਿੱਤੀ ਹੋਵੇ । ਇਨ੍ਹਾਂ ਹੀ ਨਹੀਂ ਇਸ ਨੇਤਾ ਨੇ ਮੁੱਖ ਮੰਤਰੀ ਨੂੰ ਚੋਰਾਂ ਖਿਲਾਫ ਠੋਕ ਕੇ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ ।
ਅਸੀਂ ਇਥੇ ਗੱਲ ਕਰ ਰਹੇ ਹਾਂ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ।ਦਰਅਸਲ ਮੁੱਖ ਮੰਤਰੀ ਵਲੋਂ ਬੀਤੇ ਦਿਨੀ ਐਲਾਨ ਕੀਤਾ ਗਿਆ ਕਿ ਉਹ ਪਿਛਲੀ ਸਰਕਾਰ ਦਾ ਆਡਿਟ ਕਰਵਾ ਕੇ ਪੈਸਿਆਂ ਦੀ ਵੰਡ ਅਤੇ ਫਾਲਤੂ ਖਰਚਿਆਂ ਦੀ ਜਾਂਚ ਕਰਵਾਉਣਗੇ । ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਜਨਤਾ ਦੇ ਪੈਸੇ ਦੀ ਰਿਕਵਰੀ ਵੀ ਕਰਵਾਈ ਜਾਵੇਗੀ ।ਭਗਵੰਤ ਮਾਨ ਦੇ ਇਸ ਫੈਸਲੇ ਨੇ ਨਵਜੋਤ ਸਿੱਧੂ ਦੇ ਚਿਹਰੇ ‘ਤੇ ਖੁਸ਼ੀ ਲਿਆ ਦਿੱਤੀ ਹੈ ।ਸਿੱਧੂ ਨੇ ਮਾਨ ਦੀ ਸ਼ਲਾਘਾ ਕਰ ਉਨ੍ਹਾਂ ਨੂੰ ਵਧਾਈ ਦਿੱਤੀ ਹੈ ।ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆ ਸਿੱਧੂ ਨੇ ਮਾਨ ਨੂੰ ਕਿਹਾ ਕਿ ‘ਠੋਕ ਦਿਓ ਚੋਰਾਂ ਨੂੰ’।

ਸਿੱਧੂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਘੁਟਾਲਾ ਕੀਤਾ ਹੈ ਉਨ੍ਹਾਂ ਨੂੰ ਨਤੀਜੇ ਭੁਗਤਨੇ ਹੀ ਪੈਣਗੇ ।ਇਨ੍ਹਾਂ ਹੀ ਨਹੀਂ ਸੀ.ਐੱਮ ਮਾਨ ਵਲੋਂ ਕਰਵਾਈ ਜਾਣ ਵਾਲੀ ਜਾਂਚ ‘ਤੇ ਸਿੱਧੂ ਨੇ ਮਾਨ ਨੂੰ ਅਹਿਮ ਸਲਾਹ ਵੀ ਦਿੱਤੀ ਹੈ । ਬਕੋਲ ਸਿੱਧੂ ਉਹ ਇਸ ਬਾਬਤ ਜਸਟਿਸ ਕੁਲਦੀਪ ਸਿੰਘ ਤੋਂ ਜਾਂਚ ਕਰਵਾ ਚੁੱਕੇ ਹਨ ।ਜਿਸਦੀ ਰਿਪੋਰਟ ਸਰਕਾਰ ਕੋਲ ਹੈ ।ਜੇਕਰ ਮਾਨ ਉਹ ਰਿਪੋਰਟ ਹੀ ਦੇਖ ਲੈਣ ਤਾਂ ਕਈ ਕਾਲੇ ਚਿਹਰੇ ਬੇਨਕਾਬ ਹੋ ਜਾਣਗੇ । ਕੈਪਟਨ ਅਮਰਿੰਦਰ ਸਿੰਘ ‘ਤੇ ਤੰਜ ਕਸਦਿਆਂ ਸਿੱਧੂ ਨੇ ਕਿਹਾ ਕਿ ਜਿਸਦੀ ਪਰਮਿਸ਼ਨ ਲੈ ਕੇ ਉਨ੍ਹਾਂ ਜਾਂਚ ਕਰਵਾਈ ਸੀ , ਉਸ ਰਿਪੋਰਟ ਚ ਉਸ ਨੇਤਾ ਦਾ ਵੀ ਨਾਂ ਸੀ । ਜਿਸ ਕਾਰਣ ਉਸ ਰਿਪੋਰਟ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ।

ਕਾਂਗਰਸ ਚੋਂ ਬਾਹਰ ਕੀਤੇ ਗਏ ਨੇਤਾ ਸੁਰਜੀਤ ਧੀਮਾਨ ਬਾਰੇ ਸਿੱਧੂ ਨੇ ਕਿਹਾ ਕਿ ਚਾਹੇ ਪਾਰਟੀ ਨੇ ਉਨ੍ਹਾਂ ਖਿਲ਼ਾਫ ਫੈਸਲਾ ਲਿਆ ਹੈ । ਪਰ ਨਿੱਜੀ ਤੌਰ ‘ਤੇ ੳਨ੍ਹਾਂ ਨਾਲ ਹਨ ।ਰਾਜਾ ਵੜਿੰਗ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ ।