ਸਿਆਸੀ ਪੈਂਤੜੇ: ਕੈਪਟਨ ਅਤੇ ਬਾਜਵਾ ਹੋਏ ਨੇੜੇ-ਨੇੜੇ

ਟੀਵੀ ਪੰਜਾਬ ਬਿਊਰੋ- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਰਿਸ਼ਤਿਆਂ ਵਿਚ ਨੇੜਤਾ ਸ਼ੁਰੂ ਹੋ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਦੋਵਾਂ ਆਗੂਆਂ ਵਿਚਾਲੇ ਇਕ ਗੁਪਤ ਮੀਟਿੰਗ ਵੀ ਹੋਈ ਜਿਸ ਵਿਚ ਮੌਜੂਦਾ ਹਾਲਾਤ ਤੇ ਭਵਿੱਖ ਨੂੰ ਲੈ ਕੇ ਚਰਚਾ ਹੋਈ। ਇਨ੍ਹਾਂ ਦੋਵਾਂ ਆਗੂਆਂ ਨੂੰ ਨੇੜੇ ਕਰਨ ’ਚ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਇਨ੍ਹਾਂ ਦੋਹਾਂ ਦੀਆਂ ਕੋਸ਼ਿਸ਼ਾਂ ਸਦਕਾ ਕੈਪਟਨ ਅਤੇ ਬਾਜਵਾ ਇਕੱਠੇ ਇਕ ਮੇਜ਼ ’ਤੇ ਬੈਠਣ ਲਈ ਤਿਆਰ ਹੋਏ ਹਨ । ਕਿਹਾ ਜਾ ਰਿਹਾ ਹੈ ਕਿ ਕੈਪਟਨ ਵਿਰੋਧੀ ਧੜੇ ਦੇ ਸਰਗਰਮ ਹੋਣ ਤੋਂ ਬਾਅਦ ਕੈਪਟਨ ਨੇ ਬਾਜਵਾ ਨੂੰ ਆਪਣੇ ਨਾਲ ਰਲਾਉਣ ਵਿੱਚ ਹੀ ਭਲਾਈ ਸਮਝੀ।
ਜਾਣਕਾਰੀ ਮੁਤਾਬਕ ਇਹ ਮੀਟਿੰਗ ਬਾਜਵਾ ਦੀ ਕੋਠੀ ਤੇ ਹੋਈ। ਮੁੱਖ ਮੰਤਰੀ ਨਿੱਜੀ ਗੱਡੀ ਚ ਬਾਜਵਾ ਦੀ ਕੋਠੀ ਪੁੱਜੇ ਸਨ। ਹਾਲਾਂਕਿ ਬਾਜਵਾ ਨੇ ਇਸ ਤਰ੍ਹਾਂ ਦੀ ਕਿਸੇ ਵੀ ਮੀਟਿੰਗ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਰੋਧੀਆਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਹਮੇਸ਼ਾ ਹੀ ਮੁੱਖ ਮੰਤਰੀ ਦੇ ਗ਼ਲਤ ਫ਼ੈਸਲਿਆਂ ਤੇ ਕੰਮਕਾਰ ਵਿਰੁੱਧ ਆਵਾਜ਼ ਉਠਾਉਂਦੇ ਹਨ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਪ੍ਰਤੀ ਨਰਮ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ ਉਸ ਨੂੰ ਦੇਖਦਿਆਂ ਟਕਸਾਲੀ ਕਾਂਗਰਸੀ ਕਾਫ਼ੀ ਖਿਝੇ ਹੋਏ ਹਨ। ਸਿੱਧੂ ਪ੍ਰਤੀ ਹਾਈ ਕਮਾਂਡ ਦੇ ਨਰਮ ਰੁਖ਼ ਨੂੰ ਦੇਖਦਿਆਂ ਹੀ ਕੈਪਟਨ ਤੇ ਬਾਜਵਾ ਇਕ ਮੇਜ਼ ’ਤੇ ਆਉਣ ਲਈ ਤਿਆਰ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਸਿੱਧੂ ਨੇ ਪਾਰਟੀ ਹਾਈ ਕਮਾਨ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਰਕਾਰ ਵਿਚ ਕੰਮ ਨਹੀਂ ਕਰ ਸਕਦੇ। ਉਧਰ ਸਿੱਧੂ ਲਗਾਤਾਰ ਹਾਈ ਕਮਾਂਡ ’ਤੇ ਸੂਬਾ ਪ੍ਰਧਾਨ ਬਣਾਉਣ ਦਾ ਦਬਾਅ ਬਣਾ ਰਹੇ ਹਨ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਦੇ ਰੂਪ ਵਿਚ ਨਹੀਂ ਦੇਖਣਾ ਚਾਹੁੰਦੇ। ਉਧਰ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਲੈ ਕੇ ਤਿੰਨ ਮੈਂਬਰੀ ਕਮੇਟੀ ਸਾਹਮਣੇ ਵੱਡੀ ਗਿਣਤੀ ਵਿਚ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੇ ਕੈਪਟਨ ਵਿਰੁੱਧ ਸ਼ਿਕਾਇਤਾਂ ਕੀਤੀਆਂ ਹਨ ਜਿਸ ਕਾਰਨ ਵੀ ਮੁੱਖ ਮੰਤਰੀ ਕਾਫ਼ੀ ਚਿੰਤਤ ਹਨ।