ਹੁਣ ਫਿਰ ਸਤਾਵੇਗੀ ਗਰਮੀ , ਅਗਲੇ ਮਹੀਨੇ ਆਵੇਗਾ ਮਾਨਸੂਨ

ਜਲੰਧਰ- ਹਫਤਾ ਭਰ ਬਰਸਾਤ ਕਾਰਣ ਮਿਲੀ ਠੰਡਕ ਹੁਣ ਖਤਮ ਹੋ ਗਈ ਹੈ । ਵੀਰਵਾਰ ਤੋਂ ਗਰਮੀ ਫਿਰ ਸਤਾਉਣਾ ਸ਼ੁਰੂ ਕਰ ਦੇਵੇਗੀ । ਪੰਜਾਬ ਵਿੱਚ ਪੱਛਮੀ ਗੜਬੜੀ ਕਾਰਨ ਬੁੱਧਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਵੀਰਵਾਰ ਤੋਂ ਮੌਸਮ ਸਾਫ਼ ਹੋ ਜਾਵੇਗਾ। ਲੋਕਾਂ ਨੂੰ 27 ਜੂਨ ਤਕ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। 28 ਜੂਨ ਤੋਂ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਸ਼ੁਰੂ ਹੋ ਜਾਵੇਗੀ। ਮਾਨਸੂਨ 29 ਜੂਨ ਤੋਂ 2 ਜੁਲਾਈ ਦਰਮਿਆਨ ਆ ਸਕਦਾ ਹੈ। ਹਾਲਾਂਕਿ, ਜੇਕਰ ਮਾਨਸੂਨ ਮੱਧ ਵਿੱਚ ਹੌਲੀ ਹੋ ਜਾਂਦਾ ਹੈ, ਤਾਂ ਮਾਨਸੂਨ ਵਿੱਚ ਦੇਰੀ ਹੋ ਸਕਦੀ ਹੈ। ਫਿਲਹਾਲ ਮਾਨਸੂਨ ਦੇ 2 ਜੁਲਾਈ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਹੈ।

ਦੂਜੇ ਪਾਸੇ ਮੰਗਲਵਾਰ ਅੱਧੀ ਰਾਤ ਇਕ ਵਜੇ ਤੋਂ ਬੁੱਧਵਾਰ ਸਵੇਰ ਤਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਅੰਮ੍ਰਿਤਸਰ ਵਿੱਚ 25, ਲੁਧਿਆਣਾ ਵਿੱਚ 13.4, ਪਟਿਆਲਾ ਵਿੱਚ 0.4, ਪਠਾਨਕੋਟ ਵਿੱਚ 7.8, ਬਠਿੰਡਾ ਵਿੱਚ 1.6, ਗੁਰਦਾਸਪੁਰ ਵਿੱਚ 22.5, ਜਲੰਧਰ ਵਿੱਚ 4.2 ਅਤੇ ਕਪੂਰਥਲਾ ਵਿੱਚ 4.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਜੂਨ ਮਹੀਨੇ ਵਿੱਚ 35.9 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ ਵੱਧ ਹੈ।