ਸਖ਼ਤ ਸੁਰੱਖਿਆ ਅਤੇ ਪੁਲਿਸ ਦੇ ਪਹਿਰੇ ਹੇਠ ਅੱਜ ਹੋਇਆ ਗੈਂਗਸਟਰ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ

9 ਜੂਨ ਨੂੰ ਕੋਲਕਾਤਾ ਵਿੱਚ ਪੁਲਿਸ ਦੇ ਸਾਂਝੇ ਐਨਕਾਊਂਟਰ ਚ ਮਾਰੇ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਫ਼ਿਰੋਜ਼ਪੁਰ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਰੋਂਦੇ-ਕੁਰਲਾਉਂਦੇ ਹੋਏ ਉਸਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸ਼ਮਸ਼ਾਨਘਾਟ ਦੇ ਬਾਹਰ ਅਤੇ ਅੰਦਰ ਪੰਜਾਬ ਪੁਲਸ ਵੱਲੋਂ ਡੀ.ਐਸ.ਪੀ. ਵਰਿੰਦਰ ਸਿੰਘ ਅਤੇ ਐੱਸ.ਐੱਚ.ਓ. ਮਨੋਜ ਕੁਮਾਰ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਤਾਇਨਾਤ ਕੀਤੀ ਗਈ।

ਇਸ ਦੇ ਨਾਲ-ਨਾਲ ਬਠਿੰਡਾ ਦੀ ਜੇਲ੍ਹ ਵਿੱਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਭੁੱਲਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚ ਸਸਕਾਰ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਦੇ ਲਈ ਸ਼ਮਸ਼ਾਨਘਾਟ ਵਿਚ ਲਿਆਂਦਾ ਗਿਆ। ਘੜਾ ਤੋੜਨ ਅਤੇ ਜੈਪਾਲ ਨੂੰ ਅਗਨੀ ਭੇਂਟ ਕਰਨ ਦੀ ਰਸਮ ਉਸਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਅਦਾ ਕੀਤੀ। ਜੈਪਾਲ ਭੁੱਲਰ ਦੇ ਸਸਕਾਰ ਦੇ ਬਾਅਦ ਪੁਲਸ ਤੁਰੰਤ ਉਸਦੇ ਭਰਾ ਨੂੰ ਵਾਪਸ ਲੈ ਗਈ।