ਚੰਡੀਗਡ਼੍ਹ : ਸੂਬੇ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਇਕ ਵਾਰ ਮੁਡ਼ ਵਿਵਾਦਾਂ ’ਚ ਫਸਦੇ ਨਜ਼ਰ ਆ ਰਹੇ ਹਨ। 26 ਜਨਵਰੀ 2021 ਨੂੰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਦੇ ਟ੍ਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਝੁਲਾਏ ਜਾਣ ਵੇਲੇ ਦੀਪ ਸਿੱਧੂ ਨਾਲ ਉਨ੍ਹਾਂ ਦਾ ਵੀਡੀਓ ਵਾਇਰਲ ਹੋਇਆ ਹੈ।
ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਵੀਡੀਓ ਨੂੰ ਟਵੀਟ ਕੀਤਾ ਹੈ ਜਿਸ ਵਿਚ ਲਾਲਜੀਤ ਸਿੰਘ ਭੁੱਲਰ ਅੰਦੋਲਨ ’ਚ ਸ਼ਾਮਲ ਦੀਪ ਸਿੱਧੂ ਨਾਲ ਖਡ਼੍ਹੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਚੋਣਾਂ ਦੌਰਾਨ ਤੇਜ਼ ਰਫ਼ਤਾਰ ਕਾਰ ਦੀ ਛੱਤ ’ਤੇ ਬੈਠ ਕੇ ਜਾਂਦਿਆਂ ਦੀ ਭੁੱਲਰ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਕਾਰਨ ਉਹ ਕਾਫ਼ੀ ਚਰਚਾ ’ਚ ਰਹੇ ਸਨ।
ਖਹਿਰਾ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਵਾਲ ਕੀਤਾ ਹੈ ਕਿ ਕੀ ਇਹ ਰਾਸ਼ਟਰ ਵਿਰੋਧੀ ਕਾਰਵਾਈ ਨਹੀਂ ਤੇ ਜੇ ਹੈ ਤਾਂ ਫਿਰ ਉਹ (ਲਾਲਜੀਤ ਸਿੰਘ ਭੁੱਲਰ) ਮੰਤਰੀ ਮੰਡਲ ’ਚ ਕਿਉਂ ਹਨ? ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ 26 ਜਨਵਰੀ ਨੂੰ ਜਦੋਂ ਦੀਪ ਸਿੱਧੂ ਦੀ ਅਗਵਾਈ ’ਚ ਹੰਗਾਮਾਕਾਰੀਆਂ ਨੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਝੁਲਾਇਆ ਉਸ ਦੌਰਾਨ ਲਾਲਜੀਤ ਭੁੱਲਰ ਵੀ ਦੀਪ ਸਿੱਧੂ ਨਾਲ ਉੱਤੇ ਮੌਜੂਦ ਸਨ। ਇਸ ਘਟਨਾ ਦੀ ਪੂਰੇ ਦੇਸ਼ ’ਚ ਸਖ਼ਤ ਨਿੰਦਿਆ ਹੋਈ ਸੀ।