ਜਲੰਧਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਨੇ ਇਕ ਵਾਰ ਫਿਰ ਤੋਂ ਗੈਂਗਸਟਰਾਂ ਖਿਲਾਫ ਸਰਗਰਮੀ ਦਿਖਾਈ ਹੈ ।ਮੰਗਲਵਾਰ ਨੂੰ ਤੜਕਸਾਰ ਏਜੰਸੀ ਦੀਆਂ ਟੀਮਾਂ ਨੇ ਦਿੱਲੀ –ਐੱਨ.ਸੀ.ਆਰ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਚ ਸ਼ੱਕੀ ਲੋਕਾਂ ਅਤੇ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ । ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਦੀ ਇਸ ਕਾਰਵਾਈ ਦਾ ਮਕਸਦ ਭਾਰਤ ਅਤੇ ਵਿਦੇਸ਼ਾਂ ‘ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਡਰੱਗ ਸਮੱਗਲਰਾਂ ‘ਤੇ ਸ਼ਿਕੰਜਾ ਕੱਸਣਾ ਹੈ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸਤੰਬਰ ਮਹੀਨੇ ਵਿੱਚ ਵੱਡੀ ਕਾਰਵਾਈ ਕੀਤੀ ਸੀ। ਰਾਸ਼ਟਰੀ ਜਾਂਚ ਏਜੰਸੀ ਨੇ ਦੇਸ਼ ਦੇ ਕਈ ਸੂਬਿਆਂ ‘ਚ 60 ਤੋਂ ਵੱਧ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। NIA ਵੱਲੋਂ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਅੱਤਵਾਦੀ ਗਿਰੋਹ ਦੇ ਸਬੰਧ ਵਿੱਚ ਛਾਪੇਮਾਰੀ ਕੀਤੀ ਗਈ ਸੀ।
ਇਸ ਤੋਂ ਇਲਾਵਾ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕੁਝ ਦਿਨ ਪਹਿਲਾਂ ਦੇਸ਼ ਭਰ ‘ਚ ਅੱਤਵਾਦੀ ਫੰਡਿੰਗ ਮਾਮਲੇ ‘ਚ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਦੌਰਾਨ ਰਾਸ਼ਟਰੀ ਜਾਂਚ ਏਜੰਸੀ ਨੇ ਦੇਸ਼ ‘ਚ ਅੱਤਵਾਦੀ ਗਤੀਵਿਧੀਆਂ ਨੂੰ ਕਥਿਤ ਤੌਰ ‘ਤੇ ਸਮਰਥਨ ਦੇਣ ਦੇ ਦੋਸ਼ ‘ਚ 106 PFI ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ।