ਮੋਰਬੀ – ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਨੂੰ ਹੋਏ ਕੇਬਲ ਬ੍ਰਿਜ ਹਾਦਸੇ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ ਜਦਕਿ ਹੁਣ ਤੱਕ 170 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ । ਲੋਕਾਂ ਨੂੰ ਬਚਾਉਣ ਲਈ ਰਾਤ ਭਰ ਬਚਾਅ ਕਾਰਜ ਜਾਰੀ ਰਿਹਾ । ਜਦੋਂ ਕਿ ਬ੍ਰਿਜ ਮੈਨੇਜਮੈਂਟ ਕੰਪਨੀ ਦੇ ਖਿਲਾਫ਼ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ । ਸੂਬੇ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਸੋਮਵਾਰ ਸਵੇਰੇ ਦੱਸਿਆ ਕਿ ਇਸ ਮਾਮਲੇ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਈਜੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਹਾਦਸੇ ਵਿੱਚ ਪੀੜਤ ਪਰਿਵਾਰਾਂ ਨੂੰ 6-6 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਰੇ ਰਾਤ ਭਰ ਰਾਹਤ ਕਾਰਜਾਂ ਵਿੱਚ ਲੱਗੇ ਰਹੇ । ਘਟਨਾ ਤੋਂ ਬਾਅਦ ਨੇਵੀ, ਐਨਡੀਆਰਐਫ, ਏਅਰਫੋਰਸ ਅਤੇ ਆਰਮੀ ਦੇ ਜਵਾਨ ਤੁਰੰਤ ਮੌਕੇ ‘ਤੇ ਪਹੁੰਚ ਗਏ। ਰਾਤ ਭਰ 200 ਤੋਂ ਵੱਧ ਜਵਾਨ ਤਲਾਸ਼ੀ ਅਤੇ ਰਾਹਤ ਕਾਰਜਾਂ ਵਿੱਚ ਲੱਗੇ ਰਹੇ। ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਮੋਰਬੀ ਹਾਦਸੇ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ । ਰਾਤ ਭਰ ਉਹ ਪ੍ਰਧਾਨ ਮੰਤਰੀ ਦਫ਼ਤਰ ਦੇ ਸੰਪਰਕ ਵਿੱਚ ਰਹੇ । ਗੁਜਰਾਤ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਵੀ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ ਗਈ।
ਦੱਸ ਦੇਈਏ ਕਿ ਮੋਰਬੀ ਦਾ ਇਹ ਕੇਬਲ ਸਸਪੈਂਸ਼ਨ ਪੁਲ 140 ਸਾਲ ਤੋਂ ਵੀ ਵੱਧ ਪੁਰਾਣਾ ਹੈ । ਲੰਬਾਈ ਲਗਭਗ 765 ਫੁੱਟ ਹੈ । ਪੁਲ ਦਾ ਉਦਘਾਟਨ 1879 ਵਿੱਚ ਮੁੰਬਈ ਦੇ ਗਵਰਨਰ ਰਿਚਰਡ ਟੈਂਪਲ ਨੇ ਕੀਤਾ ਸੀ । ਉਦੋਂ ਇਸ ਦੀ ਕੀਮਤ 3.5 ਲੱਖ ਰੁਪਏ ਸੀ । ਪੁਲ ਬਣਾਉਣ ਦਾ ਸਾਰਾ ਸਾਮਾਨ ਇੰਗਲੈਂਡ ਤੋਂ ਹੀ ਆਇਆ ਸੀ। ਇਹ ਪੁਲ ਕਾਫੀ ਸਮੇਂ ਤੋਂ ਬੰਦ ਸੀ। ਓਰੇਵਾ ਕੰਪਨੀ ਵੱਲੋਂ ਇਸ ਪੁਲ ਦੀ ਮੁਰੰਮਤ ਕਰਨ ਤੋਂ ਬਾਅਦ ਇਸ ਨੂੰ 26 ਅਕਤੂਬਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ।