ਲੁਧਿਆਣਾ- ਲੁਧਿਆਣਾ ਦੇ ਮਾਛੀਵਾੜਾ ਦੇ ਸਿਕੰਦਰਪੁਰ ਪਿੰਡ ਵਿਚ ਵਿਆਹ ਦੀ ਵਰ੍ਹੇਗੰਢ ‘ਤੇ ਦਰਵਾਜ਼ਾ ਖੋਲ੍ਹਣ ਵਿਚ ਸਮਾਂ ਲਗਾਉਣ ‘ਤੇ ਇਕ ਵਿਅਕਤੀ ਨੇ ਭਾਬੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਲਾਸ਼ ਨੂੰ ਬੋਰੇ ਵਿਚ ਭਰ ਕੇ ਖੇਤ ਵਿਚ ਸੁੱਟ ਕੇ ਫਰਾਰ ਹੋ ਗਿਆ। ਮੁਲਜ਼ਮ ਨੇ ਕਤਲ ਦੀ ਵਾਰਦਾਤ ਨੂੰ ਆਪਣੇ ਸਮਾਰਟ ਫੋਨ ਵਿਚ ਰਿਕਾਰਡ ਕਰਕੇ ਆਪਣੇ ਇਕ ਦੋਸਤ ਨੂੰ ਵੀਡੀਓ ਭੇਜ ਦਿੱਤਾ। ਉਸ ਨੇ ਅੱਗੇ ਵੀਡੀਓ ਮਹਿਲਾ ਦੇ ਪਤੀ ਨੂੰ ਭੇਜ ਦਿੱਤਾ। ਮ੍ਰਿਤਕਾ ਦੀ ਪਛਾਣ ਮੁਸਕਾਨ (30) ਵਜੋਂ ਹੋਈ ਹੈ।
ਮਾਛੀਵਾੜਾ ਪੁਲਿਸ ਨੇ 32 ਸਾਲਾ ਅਮਰੀਕ ਸਿੰਘ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਉਹ ਇਕ ਸ਼ਰਾਬੀ ਹੈ। ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਭੱਜਦੇ ਸਮੇਂ ਦੋਸ਼ੀ ਨੇ ਫਰਸ਼ ਤੋਂ ਖੂਨ ਨੂੰ ਸਾਫ ਕੀਤਾ ਤੇ ਪੀੜਤਾ ਦੀ ਇਕ ਸਾਲ ਦੀ ਧੀ ਨੂੰ ਆਪਣੇ ਇਕ ਗੁਆਂਢੀ ਨੂੰ ਸੌਂਪ ਦਿੱਤਾ।
ਦੋਸ਼ੀ ਅਮਰੀਕ ਸਿੰਘ ਦੀ ਪਤਨੀ 6 ਮਹੀਨੇ ਤੋਂ ਵੱਖ ਰਹਿ ਰਹੀ ਸੀ। ਉਸ ਨੂੰ ਸ਼ੱਕ ਸੀ ਕਿ ਮੁਸਕਾਨ ਨੇ ਹੀ ਉਸ ਦੇ ਅਤੇ ਉਸ ਦੀ ਪਤਨੀ ਵਿਚ ਮਤਭੇਦ ਪੈਦਾ ਕੀਤੇ ਸਨ। ਉਹ ਮੁਸਕਾਨ ਖਿਲਾਫ ਰੰਜਿਸ਼ ਰੱਖਦਾ ਸੀ। ਮੁਸਕਾਨ ਨੇ ਘਰ ਦਾ ਦਰਵਾਜ਼ਾ ਖੋਲ੍ਹਣ ਵਿਚ ਦੇਰੀ ਕੀਤੀ ਤਾਂ ਉਸ ਨੇ ਗੁੱਸੇ ਵਿਚ ਆ ਕੇ ਕਤਲ ਕਰ ਦਿੱਤਾ।
ਡੀਐੱਸਪੀ ਵਰਿਆਮ ਨੇ ਦੱਸਿਆ ਕਿ ਮੁਲਜ਼ਮ ਨੇ ਕਬੂਲ ਕੀਤਾ ਕਿ ਉਹ ਘਰ ਪਰਤਿਆ ਤਾਂ ਮੁਸਕਾਨ ਨੇ ਕੁਝ ਦੇਰ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ। ਇੰਤਜ਼ਾਰ ਨਾਲ ਗੁੱਸੇ ਵਿਚ ਆ ਕੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਕਤਲ ਦਾ ਵੀਡੀਓ ਬਣਾ ਕੇ ਆਪਣੇ ਦੋਸਤ ਜਤਿੰਦਰ ਨੂੰ ਭੇਜ ਦਿੱਤਾ। ਇਸ ਦੇ ਬਾਅਦ ਲਾਸ਼ ਨੂੰ ਬੋਰੇ ਵਿਚ ਪਾ ਕੇ ਖੇਤਾਂ ਵਿਚ ਸੁੱਟ ਦਿੱਤੀ।
ਰਾਜ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ 2 ਸਾਲ ਪਹਿਲਾਂ ਦਿੱਲੀ ਦੀ ਰਹਿਣ ਵਾਲੀ ਮੁਸਕਾਨ ਨਾਲ ਵਿਆਹ ਕੀਤਾ ਸੀ ਤੇ ਉਸ ਦੀ ਇਕ ਸਾਲ ਦੀ ਧੀ ਹੈ। ਵਿਆਹ ਦੀ ਵਰ੍ਹੇਗੰਢ ‘ਤੇ ਹੀ ਉਸ ਦੇ ਭਰਾ ਨੇ ਮੁਸਕਾਨ ਨੂੰ ਉਸ ਤੋਂ ਖੋਹ ਲਿਆ। ਉਹ ਇਕ ਦੁਕਾਨ ‘ਤੇ ਕੰਮ ਕਰਦਾ ਹੈ। ਉਸ ਨੂੰ ਹੱਤਿਆ ਬਾਰੇ ਸ਼ਾਮ ਨੂੰ ਪਤਾ ਲੱਗਾ ਜਦੋਂ ਜਤਿੰਦਰ ਨੇ ਉਸ ਨੂੰ ਅਮਰੀਕ ਸਿੰਘ ਵੱਲੋਂ ਭੇਜਿਆ ਗਿਆ ਵੀਡੀਓ ਦੇਖਿਆ ।