ਭੇਸ ਬਦਲ ਕੇ ਨੱਠਿਆ ਅੰਮ੍ਰਿਤਪਾਲ, ਬਰਾਮਦ ਹੋਏ ਕਪੜੇ, ਚਾਰ ਸਾਥੀ ਕੀਤੇ ਕਾਬੂ

ਚੰਡੀਗੜ੍ਹ- ਵਾਰਿਸ ਪੰਜਾਬ ਦੇ ਸੰਸਥਾ ਦਾ ਮੁਖੀ ਅੰਮ੍ਰਿਤਪਾਲ ਭੇਸ ਬਦਲ ਕੇ ਫਰਾਰ ਹੋਇਆ ਹੈ । ਪੁਲਿਸ ਨੇ ਅੰਮ੍ਰਿਤਪਾਲ ਵਲੋਂ ਫਰਾਰੀ ਲਈ ਵਰਤੀ ਗਈ ਬ੍ਰਿਜ਼ਾ ਕਾਰ ਬਰਾਮਦ ਕਰ ਲਈ ਗਈ ਹੈ । ਇਸ ਵਿੱਚੋਂ ਅੰਮ੍ਰਿਤਪਾਲ ਦੇ ਕਪੜੇ ਵੀ ਮਿਲੇ ਹਨ । ਇਸ ਤੋਂ ਪਹਿਲਾਂ ਮਹਿਤਪੁਰ ਦੇ ਪਿੰਡ ਸਲੇਮਾਂ ਤੋਂ ਮਿਲੀ ਇਸਜ਼ੂ ਕਾਰ ਚੋਂ ਅੰਮ੍ਰਿਤਪਾਲ ਦੀ ਕਿਰਪਾਣ ਬਰਾਮਦ ਕੀਤੀ ਜਾ ਚੁੱਕੀ ਹੈ । ਆਈ.ਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਫਰਾਰ ਕਰਵਾਉਣ ਚ ਮਦਦ ਕਰਨ ਵਾਲੇ ਚਾਰ ਲੋਕਾਂ ਨੂੰ ਕਾਬੂ ਕੀਤਾ ਹੈ ।ਕਾਬੂ ਕੀਤੇ ਗਏ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਭੇਜ ਸਿੰਘ ਤੋਂ ਪੁਲਿਸ ਪੁੱਛਗਿੱਛ ਕੀਤੀ ਜਾ ਰਹੀ ਹੈ । ਇਨ੍ਹਾਂ ਪਾਸੋਂ ਇਕ 315 ਬੋਰ ਦੀ ਰਾਈਫਲ,ਤਲਵਾਰਾਂ ਅਤੇ ਵਾਕੀ-ਟਾਕੀ ਸੈੱਟ ਬਰਾਮਦ ਕੀਤਾ ਗਿਆ ਹੈ ।

ਆਈ.ਜੀ ਸੁਖਚੈਨ ਗਿੱਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਲੋਕਾਂ ਮੁਤਾਬਿਕ ਫਰਾਰੀ ਦੌਰਾਨ ਇਹ ਲੋਕ ਅੰਮ੍ਰਿਤਪਾਲ ਸਮੇਤ ਨੰਗਲ ਅੰਬੀਆਂ ਪਿੰਡ ਦੇ ਗੁਰਦੁਆਰਾ ਸਾਹਬ ਗਏ । ਉੱਥੇ ਜਾ ਕੇ ਅੰਮ੍ਰਿਤਪਾਲ ਨੇ ਕਪੜੇ ਬਦਲੇ । ਪੈਂਟ ਸ਼ਰਟ ਪਾ ਕੇ ਅੰਮ੍ਰਿਤਪਾਲ ਦੋ ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਤਿੰਨ ਹੋਰ ਸਾਥੀਆਂ ਨਾਲ ਨਿਕਲ ਗਿਆ।