ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਕਾਰ ਵਿਵਾਦ ਦੇ ਦੌਰਾਨ ਪੰਜਾਬ ਪੁਲਿਸ ਨੇ 348 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ ।ਕੁੱਲ੍ਹ 360 ਨੌਜਵਾਨ ਗ੍ਰਿਫਤਾਰ ਕੀਤੇ ਗਏ ਸਨ । ਇਹ ਉਹ ਨੌਜਵਾਨ ਹਨ ,ਜਿਨ੍ਹਾਂ ਨੂੰ ਅੰਮ੍ਰਿਤਪਾਲ ਦੀ ਫਰਾਰੀ ਦੌਰਾਨ ਕਿਸੇ ਨਾ ਕਿਸੇ ਕਾਰਣ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ । ਸਾਰਿਆਂ ਦੇ ਦੋਸ਼ ਬਹੁਤੇ ਸੰਗੀਨ ਨਹੀਂ ਸਨ। ਆਈ.ਜੀ ਸੁਖਚੈਨ ਗਿੱਲ ਨੇ ਹਾਲਾਂਕਿ ਚਾਰ ਦਿਨ ਪਹਿਲਾਂ ਹੀ ਇਸਦਾ ਐਲਾਨ ਕਰ ਦਿੱਤਾ ਸੀ । ਪਰ ਇਸਦੇ ਬਾਵਜੂਦ ਜਥੇਦਾਰ ਸ਼੍ਰੀ ਅਕਾਲ ਤਖਤ ਵਲੋਂ ਪੰਜਾਬ ਸਰਕਾਰ ਨੂੰ ਦਿੱਤੇ ਅਲਟੀਮੇਟਮ ਤੋਂ ਬਾਅਦ ਵਿਵਾਦ ਭੱਖ ਗਿਆ ਸੀ । ਬੀਤੇ ਕੱਲ੍ਹ ਅੰਮ੍ਰਿਤਪਾਲ ਵਲੋਂ ਜਾਰੀ ਵੀਡੀਓ ਚ ਵੀ ਜਿੱਥੇ ਜਥੇਦਾਰ ਦੀ ਇਸ ਮੰਗ ਨੂੰ ਲੈ ਕੇ ਸ਼ਲਾਘਾ ਕੀਤੀ ਗਈ । ਉੱਥੇ ਅੰਮ੍ਰਿਤਪਾਲ ਵਲੋਂ ਪੁਲਿਸ ਕਾਰਵਾਈ ਦਾ ਵਿਰੋਧ ਕਰ ਇਸ ਨੂੰ ਸਿੱਖ ਵਿਰੋਧੀ ਕਦਮ ਦੱਸਿਆ ਗਿਆ ।
ਅਕਾਲ ਤਖ਼ਤ ਦੇ ਸਕੱਤਰੇਤ ਅਨੁਸਾਰ ਪਿਛਲੇ ਦਿਨਾਂ ਦੌਰਾਨ ਪੁਲਿਸ ਵੱਲੋਂ ਧਾਰਾ 107 /151 ਤਹਿਤ ਗ੍ਰਿਫਤਾਰ ਕੀਤੇ ਗਏ 360 ਸਿੱਖ ਨੌਜਵਾਨਾਂ ਵਿਚੋਂ 348 ਨੌਜਵਾਨ ਰਿਹਾਅ ਕੀਤੇ ਜਾ ਚੁੱਕੇ ਹਨ। ਇਹ ਜਾਣਕਾਰੀ ਸਰਕਾਰ ਪੱਧਰ ਉਤੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ ਹੈ। ਦੱਸ ਦਈਏ ਕਿ ਅਕਾਲ ਤਖਤ ਦੇ ਜਥੇਦਾਰ ਵੱਲੋਂ 24 ਘੰਟਿਆਂ ਵਿਚ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਦਿੱਤੇ ਗਏ ਅਲਟੀਮੇਟਮ ਸਮੇਂ ਕੌਮੀ ਸੁਰੱਖਿਆ ਐਕਟ ਨੂੰ ਹਟਾਉਣ ਲਈ ਵੀ ਆਖਿਆ ਗਿਆ ਸੀ।
ਉਧਰ, ਪੁਲਿਸ ਨੇ ਇਕ ਨੋਟਿਸ ਰਾਹੀਂ ਲੋਕਾਂ ਨੂੰ ਸੁੂਚਿਤ ਕੀਤਾ ਕਿ ਜੇਕਰ ਕਿਸੇ ਵਿਅਕਤੀ ਨੂੰ ਅੰਮ੍ਰਿਤਪਾਲ ਸਿੰਘ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਇਸ ਬਾਰੇ ਪੁਲਿਸ ਨੂੰ ਸੂਚਨਾ ਦੇਵੇ। ਇਸ ਸਬੰਧੀ ਕੰਟਰੋਲ ਰੂਮ, ਐੱਸਐੱਸਪੀ ਦਫ਼ਤਰ ਦਾ ਨੰਬਰ, ਡੀਐੱਸਪੀ ਅਤੇ ਐੱਸਐੱਚਓ ਅਜਨਾਲਾ ਦਾ ਨੰਬਰ ਵੀ ਦਿੱਤਾ ਗਿਆ ਹੈ। ਨੋਟਿਸ ਵਿੱਚ ਅੰਮ੍ਰਿਤਪਾਲ ਸਿੰਘ ਦੀ ਤਸਵੀਰ ਅਤੇ ਉਸ ਦੇ ਹੁਲੀਏ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ’ਚ ਲਿਖਿਆ ਕਿ ਇਹ ਵਿਅਕਤੀ ਪੁਲਿਸ ਨੂੰ ਲੋੜੀਂਦਾ ਹੈ।