ਡੈਸਕ- ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ । ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਣ ਆਉਣਗੇ । ਇਸਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਬਾਦਲ ਪਿੰਡ ਜਾ ਕੇ ਸਾਬਕਾ ਮੁੱਖ ਮੰਤਰੀ ਨੂੰ ਸ਼ਰਧਾਂਜਲੀ ਦੇਣਗੇ । ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਹ ਨੂੰ ਟਰੈਕਟਰ ਵਿਚ ਘਰ ਤੋਂ ਖੇਤ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਇਸ ਟਰੈਕਟਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ, ਜਿਸ ‘ਤੇ ਫ਼ਖ਼ਰ-ਏ-ਕੌਮ ਲਿਖਿਆ ਗਿਆ ਹੈ। ਇਸ ਵਿੱਚ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ।
ਪ੍ਰਕਾਸ਼ ਸਿੰਘ ਬਾਦਲ ਦੇ ਘਰ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਉਨ੍ਹਾਂ ਦਾ ਕਿੰਨੂ ਦਾ ਬਾਗ ਕੱਟਿਆ ਗਿਆ ਹੈ, ਜਿੱਥੇ ਸੰਸਕਾਰ ਲਈ ਖੇਤ ਨੂੰ ਪੱਧਰਾ ਕੀਤਾ ਗਿਆ। ਇੱਥੇ ਦੇਰ ਸ਼ਾਮ ਤੱਕ ਕਰੀਬ 50 ਫੁੱਟ ਲੰਬਾ ਅਤੇ 30 ਫੁੱਟ ਚੌੜਾ ਪਲੇਟਫਾਰਮ ਤਿਆਰ ਕਰ ਲਿਆ ਗਿਆ ਹੈ। ਇੱਥੇ ਹੀ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬਾਅਦ ਵਿੱਚ ਇਸ ਪਲੇਟਫਾਰਮ ਨੂੰ ਯਾਦਗਾਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।
ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਜਿਸ ਮੈਦਾਨ ਵਿੱਚ ਕੀਤਾ ਜਾਣਾ ਹੈ, ਉਸ ਵਿੱਚ ਟੈਂਟ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਲੋਕਾਂ ਲਈ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਦੁਪਹਿਰ 1 ਵਜੇ ਦੇ ਕਰੀਬ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਘਰ ਰੱਖਿਆ ਜਾਵੇਗਾ। ਉਨ੍ਹਾਂ ਦੇ ਘਰ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਮੌਕੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਿੰਡ ਬਾਦਲ ਵਿੱਚ ਚਾਰ ਜ਼ਿਲ੍ਹਿਆਂ ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਫਰੀਦਕੋਟ ਦੀ ਪੁਲਿਸ ਤਾਇਨਾਤ ਕੀਤੀ ਗਈ ਹੈ। ਸਵੇਰੇ ਹੋਰ ਜ਼ਿਲ੍ਹਿਆਂ ਤੋਂ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਬੁੱਧਵਾਰ ਨੂੰ ਫਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਨੇ ਪਿੰਡ ਬਾਦਲ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।