ਮਾਰਚ ਮਹੀਨੇ ਆਉਂਦਿਆਂ ਹੀ ਫਿਰ ਆਇਆ ਕੋਰੋਨਾ, ਵਧੇ ਕੋਰੋਨਾ ਦੇ ਕੇਸ

ਡੈਸਕ- ਮਾਰਚ ਮਹੀਨੇ ਨੂੰ ਵੈਸੇ ਤਾਂ ਕਾਰੋਬਾਰੀ ਤਰੀਕੇ ਨਾਲ ਨਵਾਂ ਸਾਲ ਮੰਨਿਆ ਜਾਂਦਾ ਹੈ । ਪਰ ਲਗਦਾ ਹੈ ਕਿ ਕੋਰੋਨਾ ਨੇ ਵੀ ਆਪਣੇ ਫੈਲਾਅ ਨੂੰ ਲੈ ਕੇ ਇਹੋ ਨਹੀਨੇ ਚੁਣੀਆਂ ਹੋਇਆ ਹੈ । ਇਕ ਵਾਰ ਫਿਰ ਮਾਰਚ ਮਹੀਨੇ ਦੇ ਨਾਲ ਕੋਰੋਨਾ ਦਾ ਨਾਂਅ ਸੁਣਾਈ ਦੇਣ ਲੱਗ ਪਿਆ ਹੈ । ਭਾਰਤ ਵਿਚ ਇਕ ਵਾਰ ਫਿਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਰਕਾਰ ਨੇ ਲੋਕਾਂ ਨੂੰ ਅਲਰਟ ਰਹਿਣ ਨੂੰ ਕਿਹਾ ਹੈ। ਕੋਵਿਡ ਦੇ ਨਵੇਂ ਕੇਸਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਇਕ ਦਿਨ ਵਿਚ ਕੋਰੋਨਾ ਸੰਕਰਮਣ ਦੇ 754 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਦੇਸ਼ ਵਿਚ ਹੁਣ ਤੱਕ ਸੰਕਰਮਿਤ ਹੋਏ ਲੋਕਾਂ ਦੀ ਗਿਣਤੀ ਵਧ ਕੇ 4,46,92,710 ਹੋ ਗਈ ਹੈ। ਦੇਸ਼ ਵਿਚ ਲਗਭਗ 4 ਮਹੀਨੇ ਬਾਅਦ ਸੰਕਰਮਣ ਦੇ 700 ਤੋਂ ਵਧ ਰੋਜ਼ਾਨਾ ਮਾਮਲੇ ਸਾਹਮਣੇ ਆਏ ਹਨ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 4623 ‘ਤੇ ਪਹੁੰਚ ਗਈ ਹੈ।

ਦੇਸ਼ ਵਿਚ ਪਿਛਲੇ ਸਾਲ 12 ਨਵੰਬਰ ਨੂੰ ਸੰਕਰਮਣ ਦੇ 734 ਰੋਜ਼ਾਨਾ ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਕਰਨਾਟਕ ਵਿਚ ਸੰਕਰਮਣ ਨਾਲ ਇਕ ਮਰੀਜ਼ ਦੀ ਮੌਤ ਦੇ ਬਾਅਦ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 530,790 ਹੋ ਗਈ। ਭਾਰਤ ਵਿਚ ਹੁਣ ਤੱਕ ਕੁੱਲ 441,57,297 ਲੋਕ ਠੀਕ ਹੋ ਚੁੱਕੇ ਹਨ ਜਦੋਂ ਕਿ ਕੋਵਿਡ-19 ਨਾਲ ਮੌਤ ਦੋਰ 1.19 ਫੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.80 ਫੀਸਦੀ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿਚ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਰੋਕੂ ਟੀਕਿਆਂ ਦੀ 220.64 ਕਰੋੜ ਖੁਰਾਕ ਲਗਾਈ ਜਾ ਚੁੱਕੀ ਹੈ। ਕੇਂਦਰ ਨੇ ਸੰਕਰਮਣ ਦੇ ਮਾਮਲਿਆਂ ਨੂੰ ਵਧਣ ਤੋਂ ਰੋਕਣ ਲਈ ਛੇ ਸੂਬਿਆਂ ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਤਮਿਲਨਾਡੂ, ਕੇਰਲ ਤੇ ਕਰਨਾਟਕ ਨਾਲ ਨਿਪਟਣ ਲਈ ਅਲਰਟ ਰਹਿਣ ਨੂੰ ਕਿਹਾ।

ਪਿਛਲੇ ਕੁਝ ਹਫਤਿਆਂ ਵਿਚ ਦੇਸ਼ ਦੇ ਕੁਝ ਹਿੱਸਿਆਂ ਵਿਚ ਕੋਵਿਡ-19 ਦੇ ਮਾਮਲੇ ਵਧੇ ਹਨ ਤੇ 8 ਮਾਰਚ ਤੱਕ ਇਕ ਹਫਤੇ ਵਿਚ 2082 ਮਾਮਲੇ ਦਰਜ ਕੀਤੇ ਗਏ ਤੇ 15 ਮਾਰਚ ਤੱਕ ਇਹ ਮਾਮਲੇ ਵਧ ਕੇ 3264 ਹੋ ਗਏ। ਮਹਾਰਾਸ਼ਟਰ ਵਿਚ ਸੰਕਰਮਣ ਦੇ ਮਾਮਲੇ ਇਕ ਹਫਤੇ ਵਿਚ ਵਧ ਕੇ 355 ਤੋਂ 668 ਹੋ ਗਏ। ਗੁਜਰਾਤ ਵਿਚ 109 ਤੋਂ 279 ਤੇਲੰਗਾਨਾ ਵਿਚ 132 ਤੋਂ ਵਧ ਕੇ 267, ਤਮਿਲਨਾਡੂ ਵਿਚ 170 ਤੋਂ ਵਧ ਕੇ 258 ਹੋ ਗਏ ਹਨ। ਇਸੇ ਲਈ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ।