ਡੈਸਕ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਸਮਾਲਖਾ ਕਸਬੇ ਦੇ ਪਿੰਡ ਢੋਡਪੁਰ ਨੇੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਅਵਰਤ ਫੌਜੀ ਦਾ ਛੋਟਾ ਭਰਾ ਰਾਕੇਸ਼ ਉਰਫ ਰਾਕਾ ਮਾਰਿਆ ਗਿਆ ਹੈ ਜਦੋਂ ਕਿ ਇਕ ਹੋਰ ਨੂੰ ਗੋਲੀ ਲੱਗੀ ਹੈ। ਗੱਡੀ ਵਿਚ ਤਿੰਨ ਵਿਅਕਤੀ ਸਵਾਰ ਸਨ। ਮ੍ਰਿਤਕ ਰਾਕੇਸ਼ ਉਰਫ ਰਾਕਾ ਦਾ ਭਰਾ ਪ੍ਰਿਯਵਰਤ ਉਰਫ ਫੌਜੀ ਰੰਗਦਾਰੀ ਦੇ ਪਾਨੀਪਤ ਤੇ ਕੁਰੂਕਸ਼ੇਤਰ ਦੇ ਮਾਮਲੇ ਵਿਚ ਦੋਸ਼ੀ ਹੈ। ਪ੍ਰਿਅਵਰਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਦੋਸ਼ੀ ਹੈ।
ਪੁਲਿਸ ਨੇ ਰਾਕਾ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਹੈ ਤੇ ਜ਼ਖਮੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਇਕ ਹੋਰ ਸਾਥੀ ਬਾਰੇ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਪੁਲਿਸ ਅਧਿਕਾਰੀ ਫਿਲਹਾਲ ਕੁਝ ਵੀ ਨਹੀਂ ਦੱਸ ਰਹੇ ਹਨ। ਮੁਕਾਬਲਾ ਰਾਤ ਲਗਭਗ 8 ਵਜੇ ਹੋਇਆ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸੀਆਈਏ ਟੂ ਪਾਨੀਪਤ ਇੰਚਾਰਜ ਵੀਰੇਂਦਰ ਕੁਮਾਰ ਆਪਣੀ ਟੀਮ ਨਾਲ ਬਿਜ਼ੀ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਗੱਡੀ ਵਿਚ ਕੁਝ ਸ਼ੱਕੀ ਕਿਸਮ ਦੇ ਲੋਕ ਪਾਨੀਪਤ ਵੱਲ ਆ ਰਹੇ ਹਨ।
ਫਿਰੌਤੀ ਮੰਗਣ ਤੇ ਫਾਇਰਿੰਗ ਕਰਨ ਤੇ ਵੱਖ-ਵੱਖ ਮਾਮਲਿਆਂ ਦੇ ਦੋਸ਼ੀ ਨੂੰ ਫੜਨ ਲਈ ਸੀਆਈਏ ਦੀ ਟੀਮ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਸੀ। ਬਦਮਾਸ਼ ਬਿਨਾਂ ਨੰਬਰ ਪਲੇਟ ਦੀ ਸਿਲਵਰ ਗੱਡੀ ਵਿਚ ਸਵਾਰ ਸਨ। ਜਿਵੇਂ ਹੀ ਬਦਮਾਸ਼ ਨਾਰਾਇਣਾ ਰੋਡ ‘ਤੇ ਢੋਡਪੁਰ ਮੋੜ ‘ਤੇ ਪਹੁੰਚੇ ਤਾਂ ਉਥੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਬਦਮਾਸ਼ਾਂ ਨੂੰ ਆਤਮ-ਸਮਰਪਣ ਕਰਨ ਨੂੰ ਕਿਹਾ ਪਰ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਫਾਇਰਿੰਗ ਵਿਚ ਦੋਵੇਂ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ। ਪੁਲਿਸ ਨੇ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਤੇ ਮੌਕੇ ਤੋਂ ਦੋਵਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਜਾਂਚ ਵਿਚ ਇਕ ਨੂੰ ਮ੍ਰਿਤਕ ਐਲਾਨਿਆ ਗਿਆ ਜਦੋਂ ਕਿ ਦੂਜੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ।
ਡੀਐੱਸਪੀ ਸੁਰੇਸ਼ ਸੈਣੀ ਤੇ ਸੀਆਈਏ ਦੀ ਟੀਮ ਸਿਵਲ ਹਸਪਤਾਲ ਪਹੁੰਚੀ। ਪੁਲਿਸ ਜਾਂਚ ਵਿਚ ਲਾਸ਼ ਦੀ ਸ਼ਨਾਖਤ ਰਾਕੇਸ਼ ਉਰਫ ਰਾਕਾ ਵਾਸੀ ਸਿਸਾਨਾ ਸੋਨੀਪਤ ਵਜੋਂ ਹੋਈ ਹੈ। ਰਾਕੇਸ਼ ਉਰਫ ਰਾਕਾ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਅਵਰਤ ਫੌਜੀ ਦਾ ਛੋਟਾ ਭਰਾ ਨਿਕਲਿਆ। ਜ਼ਖਮੀ ਪ੍ਰਵੀਨ ਉਰਫ ਸੋਨੂੰ ਜੱਟ ਵਾਸੀ ਹਰੀ ਨਗਰ ਪਾਨੀਪਤ ਵਜੋਂ ਹੋਈ। ਸੋਨੂੰ ਜਾਟ ਦੇ ਪੈਰ ਵਿਚ ਗੋਲੀ ਲੱਗੀ ਹੈ। ਪੁਲਿਸ ਇੰਚਾਰਜ ਅਜੀਤ ਸਿੰਘ ਸ਼ੇਖਾਵਤ ਦੇਰ ਰਾਤ ਲਗਭਗ 11 ਵਜੇ ਸਿਵਲ ਹਸਪਤਾਲ ਪਹੁੰਚੇ। ਪੁਲਿਸ ਨੇ ਸਾਰਿਆਂ ਨੂੰ ਫਿਲਹਾਲ ਮਾਈਨਰ ਓਟੀ ਵਿਚ ਰੱਖਿਆ ਹੈ।
ਪ੍ਰਿਅਵਰਤ ਉਰਫ ਫੌਜੀ ਨੇ ਤਹਿਸੀਲ ਕੈਂਪ ਵਿਚ ਇਕ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਤੇ ਇਕ ਡੇਅਰੀ ਸੰਚਾਲਕ ਤੋਂ 50 ਲੱਖ ਤੋਂ ਇਕ ਕਰੋੜ ਦੀ ਰੰਗਦਾਰੀ ਮੰਗੀ ਸੀ। ਇਸ ਮਾਮਲੇ ਵਿਚ ਤਹਿਸੀਲ ਕੈਂਪ ਥਾਣਾ ਪੁਲਿਸ ਵਿਚ ਮੁਕੱਦਮਾ ਦਰਜ ਹੈ। ਪੁਲਿਸ ਨੇ ਪਿਛਲੇ ਦਿਨੀਂ ਪ੍ਰਿਅਵਰਤ ਨੂੰ ਗ੍ਰਿਫਤਾਰ ਕੀਤਾ ਸੀ।