ਪਾਣੀ ’ਚ ਡੁੱਬਣ ਕਾਰਨ ਚਿਤਕਾਰਾ ਯੂਨੀਵਰਸਿਟੀ ਵਿਚ ਵਿਦਿਆਰਥੀ ਦੀ ਮੌ.ਤ

ਡੈਸਕ- ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਦੌਰਾਨ ਚਿਤਕਾਰਾ ਯੂਨੀਵਰਸਿਟੀ ਦੇ ਗਰਾਊਂਡ ਅਤੇ ਹੋਰ ਥਾਵਾਂ ‘ਤੇ ਪਾਣੀ ਭਰ ਗਿਆ। ਇਸ ਦੇ ਚਲਦਿਆਂ ਇਕ 20 ਸਾਲਾ ਵਿਦਿਆਰਥੀ ਦੀ ਲਾਸ਼ ਪਾਣੀ ਵਿਚ ਤੈਰਦੀ ਹੋਈ ਮਿਲੀ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕ੍ਰਿਪਾਲ ਸਿੰਘ ਨੇ ਦਸਿਆ ਕਿ ਹਰੀਸ਼ ਕੁਮਾਰ (20) ਪੁੱਤਰ ਕਿਸ਼ੋਰ ਕੁਮਾਰ ਵਾਸੀ ਜਬਲਪੁਰ, ਮੱਧ ਪ੍ਰਦੇਸ਼ ਚਿਤਕਾਰਾ ਯੂਨੀਵਰਸਿਟੀ ਵਿਖੇ ਬੀ.ਐਸ.ਸੀ. ਭਾਗ 2 ਦਾ ਵਿਦਿਆਰਥੀ ਸੀ।

9 ਜੁਲਾਈ ਦੀ ਰਾਤ ਨੂੰ ਮ੍ਰਿਤਕ ਰਾਤ ਦਾ ਖਾਣਾ ਖਾ ਕੇ ਹੋਸਟਲ ਦੇ ਬਾਹਰ ਸੈਰ ਕਰਨ ਗਿਆ ਸੀ। ਪਾਣੀ ਨੂੰ ਦੇਖ ਕੇ ਉਹ ਡਰ ਗਿਆ ਅਤੇ ਉਥੇ ਹੀ ਡਿੱਗ ਪਿਆ। ਜਦੋਂ ਕਾਫੀ ਦੇਰ ਤੱਕ ਮ੍ਰਿਤਕ ਅਪਣੇ ਕਮਰੇ ‘ਚ ਨਾ ਆਇਆ ਤਾਂ ਉਸ ਦੇ ਦੋਸਤਾਂ ਨੇ ਉਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ। ਜਦੋਂ ਉਨ੍ਹਾਂ ਨੇ ਬਾਹਰ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਪਾਣੀ ਵਿਚ ਤੈਰਦੀ ਮਿਲੀ।

ਇਸ ਤੋਂ ਬਾਅਦ ਤੁਰਤ ਹੋਸਟਲ ਵਾਰਡਨ ਅਤੇ ਹੋਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਇਸ ਮਗਰੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕ ਨੌਜਵਾਨ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਗਈ ਹੈ।