26 ਫਰਵਰੀ ਨੂੰ ਕਿਸਾਨ ਕੱਢਣਗੇ ਟ੍ਰੈਕਟਰ ਮਾਰਚ, 14 ਮਾਰਚ ਨੂੰ ਦਿੱਲੀ ‘ਚ ਹੋਵੇਗੀ ਮਹਾਪੰਚਾਇਤ’

ਡੈਸਕ- ਪੰਜਾਬ-ਹਰਿਆਣਾ ਦੇ ਖਨੌਰੀ ਬਾਰਡਰ ‘ਤੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਵਿਰੋਧ ਵਿਚ ਕਿਸਾਨ ਅੱਜ ਦੇਸ਼ ਭਰ ਵਿਚ ਕਾਲਾ ਦਿਵਸ ਮਨਾਉਣਗੇ। ਸੰਯੁਕਤ ਕਿਸਾਨ ਮੋਰਚਾ ਦੀ ਵੀਰਵਾਰ ਨੂੰ ਸਾਢੇ 4 ਘੰਟੇ ਚੱਲੀ ਬੈਠਕ ਦੇ ਬਾਅਦ ਇਹ ਫੈਸਲਾ ਲਿਆ ਗਿਆ। ਇਸ ਵਿਚ 100 ਕਿਸਾਨ ਸੰਗਠਨਾਂ ਨੇ ਹਿੱਸਾ ਲਿਆ। ਬੈਠਕ ਵਿਚ ਫੈਸਲਾ ਲਿਆ ਗਿਆ ਕਿ 26 ਫਰਵਰੀ ਨੂੰ ਦੇਸ਼ ਭਰ ਵਿਚ ਟਰੈਕਟਰ ਮਾਰਚ ਤੇ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਮਹਾਪੰਚਾਇਤ ਕੀਤੀ ਜਾਵੇਗੀ।

ਬੈਠਕ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਕਿਸਾਨ ਸ਼ੁਭਕਰਨ ਦੀ ਮੌਤ ਦੇ ਵਿਰੋਧ ਵਿਚ ਦੇਸ਼ ਭਰ ਵਿਚ ਬਲੈਕ ਡੇ ਮਨਾ ਕੇ ਕਾਲੇ ਝੰਡੇ ਲਗਾਏ ਜਾਣਗੇ। ਦੂਜੇ ਪਾਸੇ ਕਿਸਾਨ ਅੰਦੋਲਨ ਵਿਚ ਮਦਦ ਕਰ ਰਹੇ ਹਰਿਆਣਾ ਦੀ ਭਾਰਤੀ ਕਿਸਾਨ ਯੂਨੀਅਨ ਅੱਜ ਫੈਸਲਾ ਲਵੇਗਾ। ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਦੀ ਅਗਵਾਈ ਵਿਚ ਇਸ ਨੂੰ ਲੈ ਕੇ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਉਹ ਟੋਲ ਫ੍ਰੀ ਕਰਾਉਣ ਤੇ ਸੜਕਾਂ ਜਾਮ ਕਰਕੇ ਪ੍ਰਦਰਸ਼ਨ ਕਰ ਚੁੱਕੇ ਹਨ।

ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਨੇ ਪਿਛਲੇ ਕਿਸਾਨ ਅੰਦੋਲਨ ਸਮੇਂ ਨਾਲ ਜੁੜੇ ਨੇਤਾਵਾਂ ਨੂੰ ਵਾਪਸ ਲਿਆਉਣ ਲਈ 6 ਮੈਂਬਰੀ ਕਮੇਟੀ ਬਣਾਈ ਹੈ ਜਿਸ ਵਿਚ ਜੋਗਿੰਦਰ ਉਗਰਾਹਾਂ, ਦਰਸ਼ਨਪਾਲ, ਰਵਿੰਦਰ ਪਟਿਆਲਾ, ਬਲਬੀਰ ਰਾਜੇਵਾਲ, ਯੁੱਧਵੀਰ ਤੇ ਹਨਨ ਮੌਲਾ ਸ਼ਾਮਲ ਹਨ। ਕਿਸਾਨਾਂ ਦੇ ਇਸ ਅੰਦੋਲਨ ਵਿਚ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚਢੂਨੀ, ਬਲਬੀਰ ਰਾਜੇਵਾ, ਹਰਿੰਦਰ ਸਿੰਘ ਲੱਖੇਵਾਲ ਸਣੇ ਹੋਰ ਵੱਡੇ ਕਿਸਾਨ ਨੇਤਾਵਾਂ ਨੇ ਦੂਰੀ ਬਣਾਈ ਹੋਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਸ਼ੰਭੂ ਤੇ ਖਨੌਰੀ ਬਾਰਡਰ 14 ਮਾਰਚ ਨੂੰ ਦਿੱਲੀ ‘ਤੇ ਨਹੀਂ ਜਾਣਗੇ। ਉਹ ਆਪਣਾ ਵੱਖਰਾ ਪ੍ਰਦਰਸ਼ਨ ਕਰਨਗੇ।