ਡੈਸਕ- ਪੰਜਾਬ ਵਿਚ ਮੀਂਹ ਦਾ ਅਲਰਟ ਅੱਜ ਵੀ ਜਾਰੀ ਹੈ। ਪੰਜਾਬ ਸਣੇ ਚੰਡੀਗੜ੍ਹ ਤੇ ਹਰਿਆਣਾ ਲਈ ਵੀ ਮੌਸਮ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ 24 ਘੰਟਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰੋਪੜ, ਐੱਸਬੀਐੱਸ ਨਗਰ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਵੀ ਮੀਂਹ ਦਾ ਅਲਰਟ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਅੱਜ ਪੂਰੇ ਪੰਜਾਬ ਵਿਚ ਮੀਂਹ ਦੇ ਆਸਾਰ ਬਣੇ ਹੋਏ ਹਨ। ਨਾਲ ਹੀ 16 ਤੋਂ 19 ਜੁਲਾਈ ਤੱਕ ਪੰਜਾਬ ਵਿਚ ਰੁਕ-ਰੁਕ ਕੇ ਮੀਂਹ ਪੈਣ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਮੋਗਾ, ਮਾਨਸਾ ‘ਚ ਵੀ IMD ਵੱਲੋਂ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਾਣੀ ਭਰਨ ਕਾਰਨ ਪਿਛਲੇ ਦੋ ਦਿਨਾਂ ਤੋਂ ਬੰਦ ਪਿਆ ਸੰਗਰੂਰ-ਦਿੱਲੀ ਨੈਸ਼ਨਲ ਹਾਈਵੇਅ 55 ਟੁੱਟ ਗਿਆ। ਜਿਸ ਤੋਂ ਬਾਅਦ ਦਿੱਲੀ ਅਤੇ ਸੰਗਰੂਰ ਵਿਚਕਾਰ ਸੜਕੀ ਸੰਪਰਕ ਖਤਮ ਹੋ ਗਿਆ। ਦੇਰ ਰਾਤ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਆਪਣੇ ਵਰਕਰਾਂ ਨਾਲ ਪਿੰਡ ਭੜੋਆਣਾ ਨੇੜੇ ਧੁੱਸੀ ਬੰਨ੍ਹ ਤੋੜ ਦਿੱਤਾ। ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਇਲਾਕਾ ਪਾਣੀ ਵਿੱਚ ਡੁੱਬ ਰਿਹਾ ਹੈ ਅਤੇ ਪ੍ਰਸ਼ਾਸਨ ਇਸ ਲਈ ਕੁਝ ਨਹੀਂ ਕਰ ਰਿਹਾ। ਰਾਤ ਕਰੀਬ 11.30 ਵਜੇ ਉਹ ਜੇਸੀਬੀ ਮਸ਼ੀਨ ਲੈ ਕੇ ਪਿੰਡ ਭੜੋਆਣਾ ਪਹੁੰਚਿਆ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹੜ੍ਹ ਦਾ ਕਹਿਰ ਜਾਰੀ ਹੈ। ਕਈ ਜ਼ਿਲ੍ਹਿਆਂ ਵਿਚ ਹਾਲਾਤ ਬਹੁਤ ਹੀ ਖਰਾਬ ਹਨ। ਮੁੱਖ ਮੰਤਰੀ ਮਾਨ ਸਣੇ ਵਿਧਾਇਕਾਂ, ਮੰਤਰੀਆਂ ਵੱਲੋਂ ਆਪਣੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਨੂੰ ਘੱਟ ਕੀਤਾ ਜਾ ਸਕੇ।