Ottawa – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫ਼ਤੇ ਆਪਣੀ ਕੈਬਨਿਟ ’ਚ ਫੇਰਬਦਲ ਕਰ ਸਕਦੇ ਹਨ। ਅਜਿਹੀ ਸੰਭਾਵਨਾ ਹੈ ਕਿ ਉਨ੍ਹਾਂ ਮੰਤਰੀਆਂ ਦੀ ਥਾਂ ਹੋਰਨਾਂ ਮੰਤਰੀਆਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਆਪਣੇ ਅਹੁਦਿਆਂ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ ਜਾਂ ਫਿਰ ਜਿਨ੍ਹਾਂ ਦੀ ਅਗਲੀਆਂ ਚੋਣਾਂ ਲੜਨ ਦੀ ਕੋਈ ਯੋਜਨਾ ਨਹੀਂ ਹੈ। ਸਾਲ 2015 ’ਚ ਸੱਤਾ ਸੰਭਾਲਣ ਮਗਰੋਂ ਟਰੂਡੋ ਸਮੇਂ-ਸਮੇਂ ਸਿਰ ਆਪਣੇ ਮੰਤਰੀ ਮੰਡਲ ’ਚ ਫੇਰ ਬਦਲ ਕਰਦੇ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਫੇਰਬਦਲ ਬੁੱਧਵਾਰ ਨੂੰ ਹੋਣ ਦੀ ਸੰਭਾਵਨਾ ਹੈ ਅਤੇ ਅਗਲੀਆਂ ਚੋਣਾਂ ਤੋਂ ਪਹਿਲਾਂ ਟਰੂਡੋ ਕੋਲ ਆਪਣੀ ਕੈਬਨਿਟ ’ਚ ਬਦਲਾਅ ਕਰਨ ਦਾ ਇਹ ਆਖ਼ਰੀ ਮੌਕਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ’ਚ ਬਦਲਾਅ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀਆਂ ਨੂੰ ਸੋਮਵਾਰ ਅਤੇ ਮੰਗਲਵਾਰ ਨੂੰ ਓਟਾਵਾ ਬੈਠਕ ਕਰਨ ਲਈ ਸੱਦਿਆ ਹੈ। ਉੱਧਰ ਬੀਤੇ ਦਿਨੀਂ ਕਈ ਮੰਤਰੀਆਂ ਨੇ ਸੋਮਵਾਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੋਣ ਵਾਲੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਸੀ। ਸੰਭਾਵਨਾ ਹੈ ਕਿ ਉਹ ਕੈਬਨਿਟ ’ਚ ਬਦਲਾਅ ਤੋਂ ਪਹਿਲਾਂ ਰਾਜਧਾਨੀ ਓਟਾਵਾ ਵਾਪਸ ਪਰਤਣਾ ਚਾਹੁੰਦੇ ਸਨ ਤਾਂ ਜੋ ਉਹ ਪ੍ਰਧਾਨ ਮੰਤਰੀ ਨਾਲ ਬੈਠਕ ਕਰ ਸਕਣ। ਇਨ੍ਹਾਂ ’ਚ ਆਵਾਜਾਈ ਮੰਤਰੀ ਉਮਰ ਅਲਘਬਰਾ, ਹਾਊਸਿੰਗ ਅਤੇ ਵਿਭਿੰਨਤਾ ਅਤੇ ਸ਼ਮੂਲੀਅਤ ਮੰਤਰੀ ਅਹਿਮਦ ਹੁਸੈਨ ਅਤੇ ਸਰਕਾਰੀ ਭਾਸ਼ਾਵਾਂ ਬਾਰੇ ਮੰਤਰੀ ਅਤੇ ਅਟਲਾਂਟਿਕ ਕੈਨੇਡਾ ਅਪਰਟਿਊਨਿਟੀਜ਼ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਜਿਨੇਟ ਪੇਟਿਟਪਾਸ ਟੇਲਰ ਦੇ ਨਾਂ ਸ਼ਾਮਿਲ ਹਨ।