New York- ਦੂਰ-ਦੁਰਾਡੇ ਥਾਵਾਂ ਦੀ ਯਾਤਰਾ ਦੀ ਕਾਮਨਾ ਤਾਂ ਹਰ ਕੋਈ ਕਰਦਾ ਹੈ ਪਰ ਬਹੁਤੀ ਵਾਰੀ ਮੌਸਮ ਦੇ ਬਦਲਦੇ ਮਿਜਾਜ਼, ਉਡਾਣਾਂ ’ਚ ਕਈ ਦਿਨਾਂ ਦੀ ਦੇਰੀ ਜਾਂ ਹੋਰਨਾਂ ਕਾਰਨਾਂ ਕਰਕੇ ਹਵਾਈ ਯਾਤਰਾ ਦਾ ਪ੍ਰਭਾਵਿਤ ਹੋਣਾ ਆਮ ਗੱਲ ਹੈ। ਇਸ ਦੇ ਚੱਲਦਿਆਂ ਕਈ ਲੋਕਾਂ ਨੂੰ ਆਪਣੀ ਯਾਤਰਾ ਦੇ ਪ੍ਰੋਗਰਾਮ ਨੂੰ ਵਧਾਉਣਾ ਪੈਂਦਾ ਹੈ, ਜਦਕਿ ਕਈਆਂ ਨੂੰ ਮਜ਼ਬੂਰੀ ਵੱਸ ਆਪਣੀ ਪ੍ਰੋਗਰਾਮ ਰੱਦ ਕਰਨਾ ਪੈਂਦਾ ਹੈ। ਅਜਿਹੇ ’ਚ ਤੁਹਾਡੇ ਲਈ ਹਵਾਈ ਟਿਕਟ ਰਿਫੰਡ ਪ੍ਰਾਪਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਰੱਖਣਾ ਬੇਹੱਦ ਜ਼ਰੂਰੀ ਹੈ। ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਬਹੁਤ ਸਾਰੀਆਂ ਏਅਰਲਾਈਨਜ਼ ਨੇ ਉਡਾਣਾਂ ਬਦਲਣ ਜਾਂ ਰੱਦ ਕਰਨ ਲਈ ਫੀਸ ਘਟਾ ਦਿੱਤੀ ਹੈ, ਜਿਹੜੀ ਕਿ ਆਮ ਲੋਕਾਂ ਲਈ ਕਾਫ਼ੀ ਰਾਹਤ ਵਾਲੀ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਫਲਾਇਟ ਬੁਕਿੰਗ ਨੂੰ ਰੱਦ ਕਰਨ ਅਤੇ ਬਿਨਾਂ ਕਿਸੇ ਪੈਨੇਲਿਟੀ ਤੋਂ ਭੁਗਤਾਨ ਦਾ ਮੂਲ ਰੂਪ ਪ੍ਰਾਪਤ ਕਰਨ ਦਾ ਵੀ ਇੱਕ ਤਰੀਕਾ ਹੈ? ਇਸ ਤਰੀਕੇ ਨੂੰ 24 ਘੰਟੇ ਫਲਾਈਟ ਕੈਂਸਲੇਸ਼ਨ ਰੂਲ ਕਿਹਾ ਜਾਂਦਾ ਹੈ।
ਕੀ ਹੈ 24 ਘੰਟੇ ਫਲਾਈਟ ਕੈਂਸਲੇਸ਼ਨ ਰੂਲ?
ਟਰਾਂਸਪੋਰਟੇਸ਼ਨ ਵਿਭਾਗ ਦੇ 24 ਘੰਟੇ ਰਿਫੰਡ ਰੇਗੂਲੇਸ਼ਨ ਮੁਤਾਬਕ ਬੁਕਿੰਗ ਦੇ 24 ਘੰਟਿਆਂ ਅੰਦਰ ਜੇਕਰ ਯਾਤਰੀ ਆਪਣੀ ਟਿਕਟ ਰੱਦ ਕਰ ਦਿੱਤਾ ਹੈ ਤਾਂ ਏਅਰਲਾਈਜ਼ ਨੂੰ ਬਿਨਾਂ ਕਿਸੇ ਪੈਨੇਲਿਟੀ ਦੇ ਯਾਤਰੀ ਨੂੰ ਪੂਰਾ ਰਿਫੰਡ ਦੇਣਾ ਪਏਗਾ। ਇਹ ਨਿਯਮ ਅਮਰੀਕਾ ਤੋਂ ਉਡਾਣ ਭਰਨ ਵਾਲੀਆਂ ਏਅਰਲਾਈਜ਼, ਇੱਥੋਂ ਤੱਕ ਕਿ ਇੰਟਰਨੈਸ਼ਨ ਕੈਰੀਅਰਾਂ ’ਤੇ ਵੀ ਲਾਗੂ ਹੁੰਦਾ ਹੈ।
ਕਿਨ੍ਹਾਂ ਹਾਲਾਤਾਂ ’ਚ ਲਾਗੂ ਹੁੰਦਾ ਹੈ ਇਹ ਰੂਪ
24 ਘੰਟੇ ਫਲਾਈਟ ਕੈਂਸਲੇਸ਼ਨ ਰੂਲ ਅਸਲ ’ਚ ਟਰਾਂਸਪੋਰਟ ਵਿਭਾਗ (ਡੀ. ਓ. ਟੀ.) ਵਲੋਂ ਨਿਰਧਾਰਿਤ ਕੀਤਾ ਗਿਆ ਇੱਕ ਗ੍ਰਾਹਕ ਸੇਵ ਮਿਆਰ ਹੈ, ਜਿਹੜਾ ਕਿ ਇਹ ਕਹਿੰਦਾ ਹੈ ਕਿ ਏਅਰਲਾਈਜ਼ ਨੂੰ ਜਾਂ ਤਾਂ ਯਾਤਰੀਆਂ ਨੂੰ ਬਿਨਾਂ ਕਿਸੇ ਭੁਗਤਾਨ ਦੇ 24 ਘੰਟਿਆਂ ਲਈ ਸੀਟ ਰਿਜ਼ਰਵ ਰੱਖਣ ਦੇਣ ਦੀ ਆਗਿਆ ਦੇਣੀ ਚਾਹੀਦੀ ਹੈ ਅਤੇ ਜੇਕਰ ਯਾਤਰੀ ਨੇ ਆਪਣੀ ਟਿਕਟ ਦੇ ਪੈਸੇ ਦੇ ਦਿੱਤੇ ਹਨ ਤਾਂ ਉਸ ਨੂੰ ਬਿਨਾਂ ਕਿਸੇ ਪੈਨੇਲਿਟੀ ਦੇ ਪੂਰੇ ਪੈਸੇ ਵਾਪਿਸ ਕਰਨੇ ਚਾਹੀਦੇ ਹਨ। ਇਹ ਨਿਯਮ ਅਮਰੀਕਾ ਲਈ, ਅਮਰੀਕਾ ਤੋਂ ਅਤੇ ਅਮਰੀਕਾ ਦੇ ਅੰਦਰ ਉੱਡਣ ਵਾਲੀਆਂ ਸਾਰੀਆਂ ਉਡਾਣਾਂ ’ਤੇ ਲਾਗੂ ਹੁੰਦਾ ਹੈ। ਇਹ ਨਿਯਮ ਇਹ ਵੀ ਕਹਿੰਦਾ ਹੈ ਕਿ ਜੇਕਰ ਯਾਤਰੀ ਨੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕੀਤਾ ਹੈ ਤਾਂ ਏਅਰਲਾਈਜ਼ ਨੂੰ ਟਿਕਟ ਰੱਦ ਕਰਨ ਤੋਂ ਬਾਅਦ ਸੱਤ ਦਿਨਾਂ ਦੇ ਅੰਦਰ-ਅੰਦਰ ਪੂਰੇ ਪੈਸੇ ਉਸ ਨੂੰ ਵਾਪਸ ਕਰਨੇ ਪੈਣਗੇ। ਉੱਥੇ ਹੀ ਜੇਕਰ ਯਾਤਰੀ ਨੇ ਨਕਦ ਭੁਗਤਾਨ ਜਾਂ ਚੈੱਕ ਰਾਹੀਂ ਪੈਸੇ ਦਿੱਤੇ ਹਨ ਤਾਂ ਏਅਰਲਾਈਨਜ਼ ਲਈ 20 ਦਿਨਾਂ ਦੇ ਅੰਦਰ ਰਿਫ਼ੰਡ ਕਰਨਾ ਲਾਜ਼ਮੀ ਹੋਵੇਗਾ। ਇਹ ਨਿਯਮ ਹਰ ਤਰ੍ਹਾਂ ਦੇ ਕਿਰਾਏ ’ਤੇ ਲਾਗੂ ਹੁੰਦਾ ਹੈ। ਇਹ ਨਿਯਮ ਉਨ੍ਹਾਂ ਲੋਕਾਂ ਲਈ ਲਾਹੇਵੰਦ ਹੈ, ਜਿਹੜੇ ਕਿ ਘੱਟ ਸਮੇਂ ’ਚ ਸਸਤੀਆਂ ਉਡਾਣਾਂ ਜਾਂ ਥੋੜ੍ਹੇ ਪੈਸਿਆਂ ’ਚ ਵਧੀਆਂ ਉਡਾਣਾਂ ’ਚ ਸਫ਼ਰ ਕਰਨਾ ਚਾਹੁੰਦੇ ਹਨ।
ਕਿਨ੍ਹਾਂ ’ਤੇ ਨਹੀਂ ਲਾਗੂ ਹੁੰਦਾ ਇਹ ਨਿਯਮ
ਇੱਥੇ ਇਹ ਜਾਣ ਲੈਣਾ ਬੇਹੱਦ ਜ਼ਰੂਰੀ ਹੈ ਕਿ ਡੀ. ਓ. ਟੀ. ਨਿਯਮ ਕੁਝ ਕੇਸਾਂ ’ਚ ਨਹੀਂ ਲਾਗੂ ਹੁੰਦਾ ਹੈ। ਰਿਫੰਡ ਪਾਲਿਸੀ ਉਨ੍ਹਾਂ ਬੁਕਿੰਗਾਂ ’ਤੇ ਲਾਗੂ ਹੁੰਦੀ ਹੈ ਕਿ ਜਿਨ੍ਹਾਂ ਨੇ ਜਹਾਜ਼ ਦੇ ਉਡਾਣ ਭਰਨ ਤੋਂ ਸੱਤ ਜਾਂ ਉਸ ਤੋਂ ਵੱਧ ਦਿਨ ਪਹਿਲਾਂ ਬੁਕਿੰਗ ਕਰਾਈ ਹੋਵੇ। ਉਦਾਹਰਣ ਲਈ ਜੇਕਰ ਤੁਸੀਂ ਜਹਾਜ਼ ਦੇ ਉਡਾਣ ਭਰਨ ਤੋਂ 6 ਦਿਨਾਂ ਪਹਿਲਾਂ ਟਿਕਟ ਬੁੱਕ ਕਰਾਈ ਹੈ ਤਾਂ ਅਫ਼ਸੋਸ ਨਾਲ ਤੁਸੀਂ ਰਿਫ਼ੰਡ ਦੇ ਕਾਬਿਲ ਨਹੀਂ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ ਟਿਕਟ ’ਚ ਕੁਝ ਬਦਲਾਅ ਕਰਾਉਣਾ ਚਾਹੁੰਦੇ ਹੋ, ਜਿਵੇਂ ਕਿ ਟਿਕਟ ਦੀ ਤਰੀਕ ਬਦਲਾਉਣਾ, ਆਪਣਾ ਨਾਂ ਠੀਕ ਕਰਾਉਣਾ ਤਾਂ ਬਦਕਿਸਮਤੀ ਨਾਲ ਤੁਹਾਨੂੰ ਮੁਫ਼ਤ ’ਚ ਇਹ ਸਹੂਲਤ ਨਹੀਂ ਮਿਲ ਸਕਦੀ। ਇਸ ਦੇ ਤੁਹਾਨੂੰ ਆਪਣੀ ਏਅਰਲਾਈਨਜ਼ ਨਾਲ ਗੱਲ ਕਰਨੀ ਪਏਗੀ ਅਤੇ ਦੇਖਣਾ ਪਏਗਾ ਕਿ ਇਸ ਬਾਰੇ ’ਚ ਉਨ੍ਹਾਂ ਦੇ ਨਿਯਮ ਕੀ ਕਹਿੰਦੇ ਹਨ। ਇਸ ਸਭ ਤੋਂ ਇਲਾਵਾ ਇਹ ਨਿਯਮ ਉਨ੍ਹਾਂ ’ਤੇ ਹੀ ਲਾਗੂ ਹੁੰਦਾ ਹੈ ਜਿਨ੍ਹਾਂ ਨੇ ਕਿ ਏਅਰਲਾਈਨਜ਼ ਤੋਂ ਸਿੱਧੀ ਟਿਕਟ ਬੁੱਕ ਕਰਾਈ ਹੋਵੇ। ਉਦਾਹਰਣ ਲਈ ਜੇਕਰ ਤੁਸੀਂ ਕਿਸੇ ਟਰੈਵਲ ਏਜੰਟ ਜਾਂ ਕਿਸੇ ਆਨਲਾਈਨ ਵੈੱਬਸਾਈਟ ਤੋਂ ਟਿਕਟ ਖ਼ਰੀਦੀ ਹੈ ਤਾਂ ਤੁਹਾਨੂੰ ਇਸ ਦੇ ਤੀਜੀ ਪਾਰਟੀ ਦੇ ਨਿਯਮਾਂ ’ਤੇ ਹੀ ਨਿਰਭਰ ਰਹਿਣਾ ਪਏਗਾ।