ਟਰੂਡੋ ਦੀ ਕੈਬਨਿਟ ’ਚੋਂ ਬਾਹਰ ਹੋਣਗੇ ਸੱਤ ਮੰਤਰੀ

Ottawa – ਬੁੱਧਵਾਰ ਨੂੰ ਟਰੂਡੋ ਕੈਬਨਿਟ ’ਚੋਂ ਹੋਣ ਵਾਲੇ ਫੇਰਬਦਲ ਦੌਰਾਨ ਸੱਤ ਮੰਤਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਜਾਵੇਗਾ। ਸਥਾਨਕ ਮੀਡੀਆ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਫੇਰਬਦਲ ਨਾਲ ਮੰਤਰੀ ਮੰਡਲ ’ਚ ਨਵੇਂ ਚਿਹਰੇ ਸ਼ਾਮਿਲ ਕੀਤੇ ਜਾਣ ਦਾ ਰਾਹ ਲਗਭਗ ਪੱਧਰਾ ਹੋ ਗਿਆ ਹੈ। ਜਨਤਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਸਿਨੋ, ਨਿਆਂ ਮੰਤਰੀ ਡੇਵਿਡ ਲੈਮੇਟੀ ਅਤੇ ਖ਼ਜ਼ਾਨਾ ਬੋਰਡ ਦੇ ਪ੍ਰਧਾਨ ਮੋਨਾ ਫੋਰਟੀਅਰ ਨੂੰ ਮੰਡਰੀ ਮੰਡਲ ’ਚੋਂ ਬਾਹਰ ਕੱਢੇ ਜਾਣ ਦੀ ਉਮੀਦ ਹੈ। ਇਨ੍ਹਾਂ ਤੋਂ ਇਲਾਵਾ ਆਵਾਜਾਈ ਮੰਤਰੀ ਉਮਰ ਅਲਘਬਰਾ, ਹਾਊਸਿੰਗ ਅਤੇ ਵਿਭਿੰਨਤਾ ਅਤੇ ਸ਼ਮੂਲੀਅਤ ਮੰਤਰੀ ਅਹਿਮਦ ਹੁਸੈਨ, ਮੱਛੀ ਪਾਲਣ ਅਤੇ ਸਮੁੰਦਰੀ ਮਾਮਲਿਆਂ ਬਾਰੇ ਮੰਤਰੀ ਜੋਇਸ ਮਰੇ, ਜਨਤਕ ਸੇਵਾਵਾਂ ਅਤੇ ਖ਼ਰੀਦ ਮੰਤਰੀ ਹੇਲੇਨਾ ਜੈਕਜ਼ੇਕ ਅਤੇ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਮੰਤਰੀ ਕੈਰੋਲਿਨ ਬੇਨੇਟ ਦੇ ਵੀ ਮੰਤਰੀ ਮੰਡਲ ਤੋਂ ਬਾਹਰ ਹੋਣ ਦੀ ਉਮੀਦ ਹੈ ਕਿਉਂਕਿ ਇਨ੍ਹਾਂ ਨੇ ਮੁੜ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਰੱਖਿਆ ਮੰਤਰੀ ਅਨੀਤਾ ਆਨੰਦ ਨੂੰ ਆਰਥਿਕ ਵਿਭਾਗ ਦਿੱਤਾ ਜਾ ਸਕਦਾ ਹੈ। ਹਾਲਾਂਕਿ ਜਿਨ੍ਹਾਂ ਚਾਰ ਮੰਤਰੀਆਂ ਦੇ ਅਹੁਦੇ ਨਹੀਂ ਬਦਲੇ ਜਾਣਗੇ, ਉਨ੍ਹਾਂ ’ਚ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਖੋਜ, ਵਿਗਿਆਨ ਅਤੇ ਉਦਯੋਗ ਮੰਤਰੀ ਫ੍ਰੈਂਕੋਇਸ-ਫਿਲਿਪ ਸੈਂਪੇਨ, ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੋਲੀ ਅਤੇ ਵਾਤਾਵਰਣ ਅਤੇ ਜਲਵਾਯੂ ਪਰਿਵਰਤ ਮੰਤਰੀ ਸਟੀਵਨ ਗਿਲਬੌਲਟ ਦੇ ਨਾਂ ਸ਼ਾਮਿਲ ਹਨ।