ਚੋਣ ਧੋੜਾਧੜੀ ਮਾਮਲੇ ’ਚ ਟਰੰਪ ਅਤੇ ਨਿਆਂ ਵਿਭਾਗ ਆਹਮੋ-ਸਾਹਮਣੇ, ਟਰੰਪ ਦੀ ਮੰਗ- 2026 ’ਚ ਸ਼ੁਰੂ ਹੋਵੇ ਟ੍ਰਾਇਲ

Washington- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਾਲ 2024 ਦੀਆਂ ਚੋਣ ਤਿਆਰੀਆਂ ’ਚ ਤਾਂ ਅੱਗੇ ਹਨ ਪਰ ਕਾਨੂੰਨੀ ਅੜਚਨਾਂ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੀਆਂ। ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੀ ਸਾਜ਼ਿਸ਼ ਦੇ ਦੋਸ਼ਾਂ ’ਚ ਫਸੇ ਟਰੰਪ ਵਿਰੁੱਧ ਟ੍ਰਾਇਲ ਸ਼ੁਰੂ ਕਰਨ ਲਈ ਉਨ੍ਹਾਂ ਦੇ ਵਕੀਲਾਂ ਨੇ ਨਾਟਕੀ ਤਰੀਕੇ ਨਾਲ ਅਪ੍ਰੈਲ, 2026 ’ਚ ਤਾਰੀਕ ਦਾ ਸੁਝਾਅ ਦਿੱਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਨਿਆਂ ਵਿਭਾਗ ਦੇ ਵਕੀਲਾਂ ਨੇ ਜਨਵਰੀ 2024 ਨੂੰ ਟ੍ਰਾਇਲ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਮਾਮਲੇ ਦੀ ਅਗਲੀ ਸੁਣਵਾਈ ਫਿਲਹਾਲ ਵਾਸ਼ਿੰਗਟਨ ’ਚ 28 ਅਗਸਤ ਨੂੰ ਅਮਰੀਕੀ ਜ਼ਿਲ੍ਹਾ ਜੱਜ ਤਾਨੀਆ ਚੁਟਕਨ ਦੀ ਅਦਾਲਤ ’ਚ ਹੋਵੇਗੀ।
ਟਰੰਪ ਦੇ ਵਕੀਲਾਂ ਨੇ ਆਪਣੀ ਫਾਈਲਿੰਗ ’ਚ ਕਿਹਾ ਹੈ ਕਿ ਕੋਰਟ ਨੇ 1.15 ਕਰੋੜ ਪੰਨਿਆਂ ਦੀਆਂ ਸੂਚਨਾਵਾਂ ਦਾ ਅਧਿਐਨ ਕਰਨਾ ਹੈ। ਜੇਕਰ ਨਿਆਂ ਵਿਭਾਗ ਵਲੋਂ ਸੁਝਾਈ ਗਈ ਤਰੀਕ ’ਤੇ ਟ੍ਰਾਇਲ ਸ਼ੁਰੂ ਹੁੰਦਾ ਹੈ ਤਾਂ ਅਦਾਲਤ ਨੂੰ ਹਰ ਦਿਨ ਕਰੀਬ ਇੱਕ ਲੱਖ ਪੰਨਿਆਂ ਦੀ ਸਮੀਖਿਆ ਕਰਨੀ ਪਏਗੀ।
ਉੱਧਰ ਬੀਤੇ ਦਿਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਵਕੀਲਾਂ ਦੀ ਸਲਾਹ ’ਤੇ ਰਾਸ਼ਟਰਪਤੀ ਚੋਣਾਂ ’ਚ ਧੋਖਾਧੜੀ ਦੇ ਜਾਰਜੀਆ ਮਾਮਲੇ ’ਚ ਅਗਲੇ ਹਫ਼ਤੇ ਹੋਣ ਵਾਲੀ ਪ੍ਰੈੱਸ ਕਾਨਫ਼ਰੰਸ ਨੂੰ ਰੱਦ ਕਰ ਦਿੱਤਾ ਹੈ। ਇਸ ਪ੍ਰੈੱਸ ਕਾਨਫ਼ਰੰਸ ਦੌਰਾਨ ਉਹ ਇਸ ਮਾਮਲੇ ’ਚ ਨਵੇਂ ਗਵਾਹ ਪੇਸ਼ ਕਰਨ ਵਾਲੇ ਸਨ।
ਦੱਸ ਦਈਏ ਕਿ 6 ਜਨਵਰੀ 2021 ਨੂੰ ਕੈਪੀਟਲ ਹਿੱਲ ਹਿੰਸਾ ਮਾਮਲੇ ’ਚ ਦੋਈ ਪਾਏ ਗਏ ਟਰੰਪ ਦੇ ਸਹਿਯੋਗੀ ਅਤੇ ਸਾਬਕਾ ਪ੍ਰਾਊਡ ਬਾਇਅਜ਼ ਸਮੂਹ ਦੇ ਨੇਤਾ ਐਨਰਿਕ ਟੈਰੀਓ ਵਿਰੁੱਧ ਨਿਆਂ ਵਿਭਾਗ ਦੇ ਵਕੀਲਾਂ ਨੇ 33 ਸਾਲ ਸਜ਼ਾ ਦੀ ਮੰਗ ਕੀਤੀ ਹੈ। ਕਿਹਾ ਜਾਂਦਾ ਹੈ ਕਿ ਰਾਸ਼ਟਰਪਤੀ ਦੇ ਰੂਪ ’ਚ ਬਾਇਡਨ ਦੀ ਜਿੱਤ ਨੂੰ ਨਾ ਸਵੀਕਾਰਦਿਆਂ ਪ੍ਰਾਊਡ ਬੁਆਇਜ਼ ਸਮੂਹ ਦੇ ਮੈਂਬਰਾਂ ਨੇ ਚੋਣ ਨਤੀਜਿਆਂ ਨੂੰ ਪਲਟਣ ਲਈ ਕੈਪੀਟਲ ਹਿੱਲ ’ਤੇ ਵਿਆਪਕ ਹਿੰਸਾ ਕੀਤੀ ਸੀ।