San Francisco- ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੂਸ ਨੂੰ ਕਾਲਾ ਸਾਗਰ ਅਤੇ ਯੂਕਰੇਨ ਦੇ ਅਨਾਜ ‘ਬਲੈਕਮੇਲ’ ਵਜੋਂ ਵਰਤਣਾ ਬੰਦ ਕਰਨ ਅਤੇ ਦੁਨੀਆ ਦੇ ਭੁੱਖੇ ਅਤੇ ਕਮਜ਼ੋਰ ਲੋਕਾਂ ਨੂੰ ਇਸ ‘ਬੇਮਸਝੀ ਵਾਲੀ ਜੰਗ’ ’ਚ ਲਾਭ ਵਜੋਂ ਵਰਤਣਾ ਬੰਦ ਕਰਨ ਦੀ ਅਪੀਲ ਕਰਨ। ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ’ਚ ਦੁਨੀਆ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਸਾਲਾਂ ਪੁਰਣੇ ਸਮਝੌਤੇ ਤੋਂ ਬਾਹਰ ਨਿਕਲਣ ਲਈ ਰੂਸ ਦੇ ਜੰਮ ਕੇ ਵਰ੍ਹੇ, ਜਿਸ ਨੇ ਕਿ ਯੂਕਰੇਨ ਨੂੰ ਕਾਲੇ ਸਾਗਰ ਦੀਆਂ ਬੰਦਰਗਾਹਾਂ ਤੋਂ 32 ਟਨ ਤੋਂ ਵੱਧ ਅਨਾਜ ਲੋੜਵੰਦ ਦੇਸ਼ਾਂ ਨੂੰ ਭੇਜਿਆ ਦੀ ਆਗਿਆ ਦਿੱਤੀ ਸੀ। 15 ਮੈਂਬਰੀ ਕੌਂਸਲ ਨੂੰ ਸੰਬੋਧਨ ਕਰਦਿਆਂ ਬਲਿੰਕਨ ਨੇ ਕਿਹਾ, ‘‘ਭੁੱਖ ਨੂੰ ਹਥਿਆਰ ਨਹੀਂ ਬਣਾਇਆ ਜਾਣਾ ਚਾਹੀਦਾ।’’
ਦੱਸ ਦਈਏ ਕਿ ਅਨਾਜ ਸਮਝੌਤੇ ਨੇ ਦੋਹਾਂ ਦੇਸ਼ਾਂ ਵਿਚਾਲੇ ਸੰਘਰਸ਼ ਦੌਰਾਨ ਸਮੁੰਦਰ ਰਾਹੀਂ ਯੂਕਰੇਨੀ ਅਨਾਜ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ ਮਾਸਕੋ ਨੇ ਸੌਦੇ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਅਨਾਜ ਦੀਆਂ ਕੀਮਤਾਂ ’ਚ ਵਾਧਾ ਹੋਇਆ ਅਤੇ ਇਸ ਨਾਲ ਗ਼ਰੀਬ ਦੇਸ਼ਾਂ ’ਤੇ ਭਾਰੀ ਅਸਰ ਪਿਆ। ਬਲਿੰਕਨ ਨੇ ਕਿਹਾ, ‘‘ਇਸ ਪ੍ਰੀਸ਼ਦ ਦਾ ਹਰੇਕ ਮੈਂਬਰ, ਸੰਯੁਕਤ ਰਾਸ਼ਟਰ ਦਾ ਹਰ ਮੈਂਬਰ, ਮਾਸਕੋ ਨੂੰ ਇਹ ਦੱਸੇ ਕਿ ਉਹ ਕਾਲੇ ਸਾਗਰ ਨੂੰ ‘ਬਲੈਕਮੇਲ’ ਦੇ ਰੂਪ ’ਚ ਵਰਤਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਮਝਤਾ ਮੁੜ ਤੋਂ ਸ਼ੁਰੂ ਹੁੰਦਾ ਹੈ ਤਾਂ ਅਮਰੀਕਾ ਇਹ ਯਕੀਨੀ ਬਣਾਉਣ ਲਈ ਜੋ ਕੁਝ ਵੀ ਜ਼ਰੂਰੀ ਹੈ, ਕਰਨਾ ਜਾਰੀ ਰੱਖੇਗਾ ਤਾਂ ਕਿ ਰੂਸ ਸੁਤੰਤਰ ਰੂਪ ਨਾਲ ਭੋਜਨ ਬਰਾਮਦ ਕਰ ਸਕੇ।