ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਧਮਕੀਆਂ ਦੇਣ ਵਾਲੇ ਨੂੰ FBI ਨੇ ਉਤਾਰਿਆ ਮੌਤ ਦੇ ਘਾਟ

Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰਨਾਂ ਅਧਿਕਾਰੀਆਂ ਵਿਰੁੱਧ ਆਨਲਾਈਨ ਹਿੰਸਕ ਧਮਕੀਆਂ ਪੋਸਟ ਕਰਨ ਵਾਲੇ ਇੱਕ ਵਿਅਕਤੀ ਨੂੰ ਅੱਜ ਐਫ. ਬੀ. ਆਈ. ਵਲੋਂ ਛਾਪੇਮਾਰੀ ਦੌਰਾਨ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਐਫ. ਬੀ. ਆਈ. ਦੇ ਏਜੰਟ ਬਾਇਡਨ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਕਰੇਗ ਰਾਬਰਟਸਨ ਨਾਮੀ ਉਕਤ ਵਿਅਕਤੀ ਨੂੰ ਯੂਟਾ ਸਥਿਤ ਉਸ ਦੇ ਘਰ ’ਚ ਗਿ੍ਰਫ਼ਤਾਰੀ ਵਾਰੰਟ ਦੇਣ ਆਏ ਸਨ। ਇੱਕ ਅਪਰਾਧਿਕ ਸ਼ਿਕਾਇਤ ’ਚ ਦੱਸਿਆ ਕਿ ਗਿਆ ਹੈ ਕਿ ਰਾਬਰਟਸਨ ਨੇ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਅਪਰਾਧਿਕ ਦੋਸ਼ ਲਾਉਣ ਵਾਲੇ ਵਕੀਲ ਵਿਰੁੱਧ ਫੇਸਬੁੱਕ ’ਤੇ ਧਮਕੀਆਂ ਪੋਸਟ ਕੀਤੀਆਂ ਸਨ। ਇਸ ਮਗਰੋਂ ਐਫ. ਬੀ. ਆਈ. ਵਲੋਂ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਗਈ। ਰਾਬਰਟਸਨ ਨੇ ਫੇਸਬੁੱਕ ’ਤੇ ਬੰਦੂਕਾਂ ਦੀਆਂ ਕਈ ਤਸਵੀਰਾਂ ਨੂੰ ਪੋਸਟ ਕੀਤਾ ਸੀ। ਰਾਸ਼ਟਰਪਤੀ ਬਾਇਡਨ ਨੂੰ ਧਮਕੀ ਦੇਣ ਵਾਲੀ ਪੋਸਟ ’ਚ ਉਸ ਨੇ ਲਿਖਿਆ, ‘‘ਮੈਂ ਸੁਣਿਆ ਹੈ ਕਿ ਬਾਇਡਨ ਯੂਟਾ ਆ ਰਹੇ ਹਨ। ਆਪਣਾ ਪੁਰਾਣਾ ਗਿਲੀ ਸੂਟ ਕੱਢ ਰਿਹਾ ਹਾਂ ਅਤੇ ਐੱਮ. 24 ਸਨਾਈਪਰ ਰਾਈਫ਼ਲ ਤੋਂ ਧੂੜ ਸਾਫ਼ ਕਰ ਰਿਹਾ ਹਾਂ।’’ ਇਹ ਰਾਬਰਟਸਨ ਵਲੋਂ ਦੋ ਫੇਸਬੁੱਕ ਖ਼ਾਤਿਆਂ ’ਤੇ ਪੋਸਟ ਕੀਤੇ ਗਏ ਦਰਜਨਾਂ ਹਿੰਸਕ ਸੰਦੇਸ਼ਾਂ ਅਤੇ ਹਥਿਆਰਾਂ ਦੀਆਂ ਤਸਵੀਰਾਂ ’ਚੋਂ ਇੱਕ ਸੀ।
ਅਪਰਾਧਿਕ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਰਾਬਰਟਸਨ ਮਾਰਚ ’ਚ ਫੈਡਰਲ ਏਜੰਟਾਂ ਦੇ ਧਿਆਨ ’ਚ ਉਦੋਂ ਆਇਆ, ਜਦੋਂ ਉਸ ਨੇ ਟਰੰਪ ਦੇ ਨਿੱਜੀ ਸੋਸ਼ਲ ਨੈੱਟਵਰਕ Truth Social ’ਤੇ ਮੈਨਹਟਨ ਦੇ ਅਟਾਰਨੀ ਜਨਰਲ ਐਲਵਿਨ ਬਰੈਗ ਨੂੰ ਮਾਰਨ ਦੀ ਧਮਕੀ ਪੋਸਟ ਕੀਤੀ ਸੀ। ਇਸ ਮਗਰੋਂ ਐਫ. ਬੀ. ਆਈ. ਏਜੰਟਾਂ ਨੇ ਉਸ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਸ ਨੇ ਦੱਸਿਆ ਕਿ ਇਹ ਪੋਸਟ ‘ਸੁਪਨਾ’ ਸੀ ਅਤੇ ਇਹ ਕਹਿ ਕੇ ਗੱਲਬਾਤ ਖ਼ਤਮ ਕਰ ਦਿੱਤੀ ਕਿ ਕੰਮ ਖ਼ਤਮ ਹੋ ਗਿਆ ਹੈ। ਬਿਨਾਂ ਵਾਰੰਟ ਵਾਪਸ ਨਾ ਆਉਣਾ।
ਰਾਬਰਟਸਨ ਦੀਆਂ ਬਾਅਦ ਦੀਆਂ ਪੋਸਟਾਂ ’ਚ ਏਜੰਟਾਂ ਨਾਲ ਉਸ ਦੀ ਮੁਠਭੇੜ ਦਾ ਜ਼ਿਕਰ ਸੀ ਅਤੇ ਉਸ ਨੇ ਵਾਰ-ਵਾਰ ਜਨਤਕ ਅਧਿਕਾਰੀਆਂ ਨੂੰ ਧਮਕੀ ਦਿੱਤੀ। ਇਸ ਮਗਰੋਂ ਉਸ ਨੇ ਮੰਗਲਵਾਰ ਦੇਰ ਰਾਤ ਇਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ, ‘‘ਸ਼ਾਇਦ ਯੂਟਾ ਇਸ ਹਫ਼ਤੇ ਮਸ਼ਹੂਰ ਹੋ ਜਾਵੇਗਾ, ਕਿਉਂਕਿ ਇੱਕ ਸਨਾਈਪਰ ਨੇ ਬਾਇਡਨ ਮਾਰਕਸਵਾਦੀ ਨੂੰ ਬਾਹਰ ਕੱਢਿਆ ਸੀ।’’