Washington- ਮਿਗ-23 ਜੈੱਟ, ਜਿਸ ਨੂੰ ਕਿ ਸਾਬਕਾ ਸੋਵੀਅਤ ਸੰਘ ’ਚ ਸਾਲ 1981 ’ਚ ਬਣਾਇਆ ਗਿਆ ਸੀ, ਬੀਤੇ ਦਿਨ ਡੇਟ੍ਰਾਇਟ ਤੋਂ ਲਗਭਗ 48 ਕਿਲੋਮੀਟਰ ਦੂਰ ਪੱਛਮ ’ਚ ਥੰਡਰ ਮਿਸ਼ੀਗਨ ਏਅਰ ਸ਼ੋਅ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਜਹਾਜ਼ ’ਚ ਭਿਆਨਕ ਅੱਗ ਲੱਗ ਗਈ ਅਤੇ ਇਹ ਅੱਗ ਦੇ ਇੱਕ ਗੋਲੇ ’ਚ ਤਬਦੀਲ ਹੋ ਗਿਆ। ਹਾਲਾਂਕਿ ਇਸ ਦੌਰਾਨ ਪਾਇਲਟ ਅਤੇ ਜਹਾਜ਼ ’ਚ ਸਵਾਰ ਇੱਕ ਯਾਤਰੀ ਦੋਵੇਂ ਪੈਰਾਸ਼ੂਟ ਵਾਲ-ਵਾਲ ਬਚ ਗਏ। ਦੱਸਣਯੋਗ ਹੈ ਕਿ ਥੰਡਰ ਓਵਰ ਮਿਸ਼ੀਗਨ ਏਅਰ ਸ਼ੋਅ ਦੇ ਤਹਿਤ ਮਿਗ-23 ਜੈੱਟ ’ਚ ਪਾਇਲਟ ਅਤੇ ਯਾਤਰੀ ਇਸ ਜਹਾਜ਼ ਦਾ ਸੰਚਾਲਨ ਕਰ ਰਹੇ ਸਨ। ਹਾਦਸੇ ਤੋਂ ਬਾਅਦ ਉਹ ਪੈਰਾਸ਼ੂਟ ਰਾਹੀਂ ਸੁਰੱਖਿਅਤ ਜ਼ਮੀਨ ’ਤੇ ਉਤਰ ਆਏ, ਜਿਸ ਮਗਰੋਂ ਦੋਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਇਸ ਹਾਦਸੇ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਵੇਨ ਕਾਊਂਟੀ ਏਅਰਪੋਰਟ ਅਥਾਰਿਟੀ ਦੇ ਇੱਕ ਬਿਆਨ ਮੁਤਾਬਕ ਹਾਦਸਾ ਐਤਵਾਰ ਨੂੰ ਸ਼ਾਮੀਂ 4 ਵਜੇ ਬੇਲੇਵਿਲੇ ’ਚ ਯਾਂਕੀ ਏਅਰ ਮਿਊਜ਼ੀਅਮ ਦੇ ਥੰਡਰ ਓਵਰ ਮਿਸ਼ੀਗਨ ਏਅਰ ਸ਼ੋਅ ਦੌਰਾਨ ਵਾਪਰਿਆ। ਏਅਰਪੋਰਟ ਅਥਾਰਿਟੀ ਨੇ ਦੱਸਿਆ ਕਿ ਜੈੱਟ ਵੇਵਰਲੀ ਆਨ ਦ ਲੇਕ ਅਪਾਰਟਮੈਂਟ ’ਚ ਖ਼ਾਲੀ ਪਏ ਵਾਹਨਾਂ ਨਾਲ ਇਹ ਜਹਾਜ਼ ਟਕਰਾਇਆ ਅਤੇ ਇਸ ਦੌਰਾਨ ਇੱਕ ਅਪਾਰਟਮੈਂਟ ਦੀ ਇਮਾਰਤ ਵਾਲ-ਵਾਲ ਬਚ ਗਈ। ਇਸ ਮਗਰੋਂ ਜਹਾਜ਼ ਭਿਆਨਕ ਅੱਗ ਦੇ ਗੋਲੇ ’ਚ ਤਬਦੀਲ ਹੋ ਗਿਆ, ਜਿਸ ’ਤੇ ਬਾਅਦ ’ਚ ਸੰਕਟਕਾਲੀਨ ਕਰਮਾਚਰੀਆਂ ਨੇ ਕਾਬੂ ਪਾਇਆ। ਘਟਨਾ ਦੀ ਵੀਡੀਓ ਫੁਟੇਜ ’ਚ ਅੱਗ ਦੀਆਂ ਦੋ ਛੋਟੀਆਂ-ਛੋਟੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਇਸ ਦੌਰਾਨ ਪਾਇਲਟ ਤੇ ਯਾਤਰੀ ਦੋਵੇਂ ਪੈਰਾਸ਼ੂਟ ਰਾਹੀਂ ਜਹਾਜ਼ ’ਚੋਂ ਬਾਹਰ ਨਿਕਲ ਗਏ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।