ਭੱਜੀ ਦੀ ਸਿਆਸੀ ‘ਫਿਰਕੀ’, ਸਿੱਧੂ ਹੋਏ ਕਲੀਨ ਬੋਲਡ

ਜਲੰਧਰ- ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਚਾਹੇ ਇੰਟਰਨੈਸ਼ਨਲ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਉਹ ਅਜੇ ਵੀ ਗੇਂਦ ਨੂੰ ਘੁੰਮਾਉਣਾ ਨਹੀਂ ਭੁੱਲੇ ਹਨ ।ਭੱਜੀ ਨੇ ਸਿਆਸਤ ਚ ਪਿੱਚ ‘ਤੇ ‘ਦੂਸਰਾ’ ਸਿੱਟ ਕੇ ਸਾਬਕਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੱਧੂ ਨੂੰ ਬੋਲਡ ਕਰ ਦਿੱਤਾ ਹੈ । ਤੁਹਾਨੂੰ ਦੱਸ ਦਈਏ ਕਿ ਕ੍ਰਿਕੇਟ ਚ ‘ਦੂਸਰਾ’ ਗੇਂਦ ਅਜਿਹੀ ਹੁੰਦੀ ਹੈ ਜਿਸ ਵਿੱਚ ਗੇਂਦਬਾਜ਼ ਆਪਣੇ ਹੀ ਅੰਦਾਜ਼ ਗੇਂਦ ਤਾਂ ਸੁਟੱਦਾ ਹੈ ਪਰ ਗੇਂਦ ਹੱਥ ਦੇ ਐਕਸ਼ਨ ਤੋਂ ਉਲਟ ਦਿਸ਼ਾ ਵੱਲ ਚਲੀ ਜਾਂਦੀ ਹੈ ।ਕਰੀਬ ਦੋ ਮਹੀਨੇ ਪਹਿਲਾਂ ਕਾਂਗਰਸ ਚ ਜਾਣ ਦੀਆਂ ਚਰਚਾਵਾਂ ਤੋਂ ਬਾਅਦ ਭੱਜੀ ਨੇ ਦੂਸਰਾ ਸਿੱਟ ਕੇ ਆਮ ਆਦਮੀ ਪਾਰਟੀ ਦਾ ਲੜ ਫੜ ਲਿਆ ਹੈ ।

ਗੱਲ ਉਦੋਂ ਸ਼ੁਰੂ ਹੋਈ ਜਦੋਂ ਤਤਕਾਲੀ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਭੱਜੀ ਨਾਲ ਆਪਣੀ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ।ਚਰਚਾ ਸ਼ੁਰੂ ਹੋ ਗਈ ਕਿ ਭੱਜੀ ਸਿਆਸਤ ਦੀ ਪਾਰੀ ਕਾਂਗਰਸ ਦੀ ਟੀਮ ਵਲੋਂ ਸ਼ੁਰੂ ਕਰਨ ਜਾ ਰਹੇ ਹਨ ।ਇਨ੍ਹਾਂ ਹੀ ਨਹੀਂ ਜਲੰਧਰ ਸ਼ਹਿਰ ਚ ਜਦੋਂ ਉਹ ਪੱਤਰਕਾਰਾਂ ਨਾਲ ਰੁਬਰੂ ਹੋਏ ਤਾਂ ਲਗਭਗ ਇਹੋ ਸੰਕੇਤ ਉਨ੍ਹਾਂ ਵਲੋਂ ਵੀ ਦਿੱਤੇ ਗਏ ਸਨ ।

ਇਕ ਗੱਲ ਇਹ ਵੀ ਸਾਫ ਕਰ ਦਿਈਏ ਕਿ ਹਰਭਜਨ ਸਿੰਘ ਨੇ ਕਾਂਗਰਸ ਪਾਰਟੀ ਦਾ ਨਾਂ ਤਾਂ ਨਹੀਂ ਲਿਆ ਸੀ ਪਰ ਸਿੱਧੂ ਦੀ ਫੋਟੋ ਦਾ ਹਵਾਲਾ ਦੇ ਕੇ ਇਸ ਜ਼ਰੂਰ ਐਲਾਨ ਕਰ ਦਿੱਤਾ ਸੀ ਕਿ ਉਹ ਜਲਦ ਹੀ ਸਿਆਸਤ ਚ ਆ ਰਹੇ ਹਨ ।ਟਿਕਟਾਂ ਦੇ ਐਲਾਨ ਵੇਲੇ ਭੱਜੀ ਦਾ ਨਾਂ ਗਾਇਬ ਹੋਣ ‘ਤੇ ਵੀ ਕੋਈ ਖਾਸ ਚਰਚਾ ਨਹੀਂ ਹੋਈ ।ਗੱਲ ਇਹ ਵੀ ਨਿਕਲੀ ਸੀ ਕਿ ਭੱਜੀ ਨੂੰ ਕਾਂਗਰਸ ਸੂਬੇ ਚ ਨਹੀਂ ਬਲਕਿ ਵੱਡੇ ਪੱਧਰ ‘ਤੇ ਕੈਸ਼ ਕਰਨਾ ਚਾਹੁੰਦੀ ਹੈ ।

ਕਾਂਗਰਸ ਪਰ ਹੱਥ ਮਲਦੀ ਰਹਿ ਗਈ ।ਪੰਜਾਬ ਦੀ ਸੱਤਾ ਦੇ ਨਾਲ ਕਈ ਵੱਡੇ ਚਿਹਰੇ ਵੀ ਹੁਣ ਉਨ੍ਹਾਂ ਦੇ ਹੱਥੋਂ ਨਿਕਲਦੇ ਜਾ ਰਹੇ ਹਨ ।ਟਰਬਨੇਟਰ ਹਰਭਜਨ ਸਿੰਘ ਪਲਾਹਾ ਉਰਫ ਭੱਜੀ ਨੇ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਲਈ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ ।ਕ੍ਰਿਕੇਟਰ ਸਚਿਨ ਤੇੰਦੁਲਕਰ ਤੋਂ ਬਾਅਦ ਹੁਣ ਹਰਭਜਨ ਸਿੰਘ ਰਾਜ ਸਭਾ ਦੇ ਮੈਂਬਰ ਬਣਨ ਜਾ ਰਹੇ ਹਨ । ਰਾਜ ਸਭਾ ਮੈਂਬਰ ਦੀ ਚੋਣ 31 ਮਾਰਚ ਨੂੰ ਹੋਵੇਗੀ ।