Washington – ਅਮਰੀਕਾ ਦੇ ਪੈਨਸਿਲਵੇਨੀਆ ਵਿਖੇ ਇੱਕ ਘਰ ’ਚ ਹੋਏ ਜ਼ਬਰਦਸਤ ਧਮਾਕੇ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਇਸ ਹਾਦਸੇ ਦੌਰਾਨ ਗੁਆਂਢ ਦੇ ਤਿੰਨ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, ਜਦਕਿ ਦਰਜਨਾਂ ਹੋਰ ਨੁਕਸਾਨੇ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਪਿਟਸਬਰਗ ਦੇ ਕਸਬੇ ਪਲਮ ’ਚ ਵਾਪਰਿਆ। ਇਸ ਬਾਰੇ ’ਚ ਜਾਣਕਾਰੀ ਦਿੰਦਿਆਂ ਪਲਮ ਦੇ ਪੁਲਿਸ ਮੁਖੀ ਲੈਨੀ ਕੌਨਲੇ ਨੇ ਦੱਸਿਆ ਕਿ ਮਿ੍ਰਤਕਾਂ ’ਚ ਚਾਰ ਬਾਲਗ ਅਤੇ ਇੱਕ ਬੱਚਾ ਸ਼ਾਮਿਲ ਹਨ। ਹਾਲਾਂਕਿ ਉਨ੍ਹਾਂ ਨੇ ਮਿ੍ਰਤਕਾਂ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਹੈ।
ਪੈਨਸਿਲਵੇਨੀਆ ਦੇ ਐਲੇਗੇਨੀ ਕਾਊਂਟੀ ਦੇ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਲਗਭਗ 10.30 ਵਜੇ ਇਸ ਹਾਦਸੇ ਦੀ ਜਾਣਕਾਰੀ ਮਿਲੀ। ਇਸ ਮਗਰੋਂ ਜਦੋਂ ਪੁਲਿਸ ਅਤੇ ਫਾਇਰਫਾਈਟਰਜ਼ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਲੋਕ ਮਲਬੇ ਹੇਠਾਂ ਫਸੇ ਹੋਏ ਹਨ। ਕਾਊਂਟੀ ਦੇ ਅਧਿਕਾਰੀਆਂ ਨੇ ਇੱਕ ਫੇਸਬੁੱਕ ਪੋਲਟ ’ਚ ਲਿਖਿਆ, ‘‘ਇੰਝ ਜਾਪਦਾ ਸੀ ਜਿਵੇਂ ਇੱਕ ਘਰ ’ਚ ਧਮਾਕਾ ਹੋ ਗਿਆ ਸੀ ਅਤੇ ਦੋ ਹੋਰ ਅੱਗ ਦੀ ਲਪੇਟ ’ਚ ਆ ਗਏ। ਕਈ ਹੋਰ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਜਾਣ ਕਾਰਨ ਨੁਕਸਾਨੇ ਗਏ।’’ ਅਧਿਕਾਰੀਆਂ ਮੁਤਾਬਕ ਬਾਅਦ ’ਚ ਘਟਨਾ ਸਥਾਨ ਤੋਂ ਪੰਜ ਲਾਸ਼ਾਂ ਬਰਾਦਮ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਅਜੇ ਵੀ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਘਰ ’ਚ ਕੌਣ ਸੀ ਅਤੇ ਮਿ੍ਰਤਕਾਂ ਦੀ ਪਹਿਚਾਣ ਕਰਨ ’ਚ ਸਮਾਂ ਲੱਗੇਗਾ ਅਤੇ ਇਸ ਕੰਮ ’ਚ ਦੰਦਾਂ ਦੇ ਰਿਕਾਰਡ ਤੇ ਡੀ. ਐਨ. ਏ. ਦੀ ਵਰਤੋਂ ਕੀਤੀ ਜਾਵੇਗੀ। ਹਾਲਾਂਕਿ ਇਹ ਧਮਾਕਾ ਕਿਸ ਤਰ੍ਹਾਂ ਹੋਇਆ, ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਧਿਕਾਰੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।