Washington- ਅਮਰੀਕੀ ਸਪੇਸ ਏਜੰਸੀ ਨਾਸਾ ਨੇ ਦੱਸਿਆ ਕਿ ਸਾਲ 1880 ਮਗਰੋਂ ਜੁਲਾਈ ਹੁਣ ਤੱਕ ਦਾ ਸਭ ਤੋਂ ਵੱਧ ਗਰਮ ਮਹੀਨਾ ਰਿਹਾ ਏ। ਦੱਸ ਦਈਏ ਕਿ ਇਸ ਸਾਲ ਅਮਰੀਕਾ ਅਤੇ ਯੂਰਪ ਦੇ ਕਈ ਸ਼ਹਿਰ ਲੂ ਅਤੇ ਜੰਗਲਾਂ ਦੀ ਅੱਗ ਦੀ ਲਪੇਟ ’ਚ ਰਹੇ। ਅਮਰੀਕਾ ’ਚ ਤਾਂ ਇਸ ਸਾਲ ਗਰਮੀਆਂ ਦੇ ਸਾਰੇ ਰਿਕਾਰਡ ਹੀ ਟੁੱਟ ਗਏ। ਨਿਊਯਾਰਕ ’ਚ ਨਾਸਾ ਦੇ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਟਡੀਜ਼ () ਦੇ ਵਿਗਿਆਨੀਆਂ ਮੁਤਾਬਕ ਜੁਲਾਈ 2023 ਵਿਸ਼ਵੀ ਰਿਕਾਰਡ ’ਚ ਕਿਸੇ ਵੀ ਹੋਰ ਮਹੀਨੇ ਦੀ ਤੁਲਨਾ ’ਚ ਵਧੇਰੇ ਗਰਮ ਰਿਹਾ ਹੈ। ਨਾਸਾ ਦੇ ਰਿਕਾਰਡ ਮੁਤਾਬਕ ਇਹ ਮਹੀਨਾ ਕਿਸੇ ਵੀ ਹੋਰ ਮਹੀਨੇ ਦੀ ਤੁਲਨਾ ’ਚ 0.24 ਡਿਗਰੀ ਸੈਲਸੀਅਸ ਵੱਧ ਗਰਮ ਦਰਜ ਕੀਤਾ ਗਿਆ। ਇਹ ਤਾਪਮਾਨ 1951 ਅਤੇ 1980 ਵਿਚਾਲੇ ਔਸਤ ਜੁਲਾਈ ਦੀ ਤੁਲਨਾ ’ਚ 1.18 ਡਿਗਰੀ ਸੈਲਸੀਅਸ ਵਧੇਰੇ ਰਿਹਾ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਾਪਮਾਨ ’ਚ ਵਾਧੇ ਦਾ ਇੱਕ ਕਾਰਨ ਸਮੁੰਦਰ ਦੀ ਸਤ੍ਹਾ ਦਾ ਤਾਪਮਾਨ ਵੀ ਰਿਹਾ ਹੈ। ਨਾਸਾ ਦੇ ਵਿਸ਼ਲੇਸ਼ਣ ’ਚ ਇਹ ਸਾਹਮਣੇ ਆਇਆ ਹੈ ਕਿ ਪੂਰਬ ਗਰਮ ਖੰਡੀ () ਪ੍ਰਸ਼ਾਂਤ ਖੇਤਰ ’ਚ ਸਮੁੰਦਰ ਤਲ ਦਾ ਤਾਪਮਾਨ ਮਈ 2023 ’ਚ ਵਧਣਾ ਸ਼ੁਰੂ ਹੋਇਆ ਸੀ, ਜਿਹੜਾ ਕਿ ਅਲ ਨੀਨੋ ਦਾ ਅਸਰ ਹੈ। ਨਾਸਾ ਐਡਮਿਨਿਸਟ੍ਰੇਟਰ ਬਿਲ ਨੈਲਸਨ ਨੇ ਕਿਹਾ ਕਿ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ਦੇ ਅਰਬਾਂ ਲੋਕਾਂ ਨੇ ਅਸਲ ’ਚ ਕੀ ਮਹਿਸੂਸ ਕੀਤਾ ਹੈ। ਜੁਲਾਈ 2023 ’ਚ ਤਾਪਮਾਨ ਨੇ ਸਾਰੇ ਰਿਕਾਰਡ ਤੋੜਦਿਆਂ ਇਸ ਨੂੰ ਸਭ ਤੋਂ ਗਰਮ ਮਹੀਨਾ ਬਣਾ ਦਿੱਤਾ। ਅਮਰੀਕੀ ਜਲਵਾਯੂ ਸੰਕਟ ਦੇ ਪ੍ਰਭਾਵਾਂ ਦਾ ਸਾਫ਼ ਤੌਰ ’ਤੇ ਅਨੁਭਵ ਕਰ ਰਹੇ ਹਨ।
ਨਾਸਾ ਦੀ ਰਿਪੋਰਟ ਮੁਤਾਬਕ ਦੱਖਣੀ ਅਮਰੀਕਾ, ਉੱਤਰੀ ਅਫ਼ਰੀਕਾ, ਉੱਤਰੀ ਅਮਰੀਕਾ ਅਤੇ ਅੰਟਾਰਟਿਕ ਪ੍ਰਾਇਦੀਪ ਦੇ ਹਿੱਸੇ ਖ਼ਾਸ ਤੌਰ ’ਤੇ ਗਰਮ ਸਨ, ਜਿੱਥੇ ਤਾਪਮਾਨ ਔਸਤ ਨਾਲੋਂ ਲਗਭਗ 4 ਡਿਗਰੀ ਸੈਲਸੀਅਸ ਵਧੇਰੇ ਵੱਧ ਗਿਆ। ਕੁੱਲ ਮਿਲਾ ਕੇ ਇਸ ਲੋਹੜੇ ਦੀ ਗਰਮੀ ਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ, ਜੋ ਕਿ ਸੈਂਕੜੇ ਲੋਕਾਂ ’ਚ ਬਿਮਾਰੀਆਂ ਅਤੇ ਮੌਤ ਦਾ ਕਾਰਨ ਬਣੀ।