Ottawa- ਕੈਨੇਡਾ ’ਚ ਕੋਰੋਨਾ ਇੱਕ ਵਾਰ ਮੁੜ ਪੈਰ ਪਸਾਰ ਸਕਦਾ ਹੈ। ਪਬਲਕਿ ਹੈਲਥ ਕੈਨੇਡਾ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਏਜੰਸੀ ਨੇ ਮੰਗਲਵਾਰ ਨੂੰ ਮਹਾਂਮਾਰੀ ਸੰਬੰਧੀ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਕਿ ਲੰਬੇ ਸਮੇਂ ਤੋਂ ਗਿਰਾਵਟ ਮਗਰੋਂ ਕੋਰੋਨਾ ਦੇ ਗਤੀਵਿਧੀ ਸੂਚਕਾਂ ’ਚ ਲਗਾਤਾਰ ਉਤਰਾਅ-ਚੜ੍ਹਾਅ ਦੇ ਸੰਕੇਤ ਮਿਲੇ ਹਨ, ਜਿਹੜੇ ਕਿ ਇਸ ਦੀ ਸ਼ੁਰੂਆਤ ਦੇ ਸੰਕੇਤ ਹੋ ਸਕਦੇ ਹਨ। ਹਾਲਾਂਕਿ ਏਜੰਸੀ ਦਾ ਕਹਿਣਾ ਹੈ ਕਿ ਕੋਵਿਡ ਦੀ ਇਹ ਗਤੀਵਿਧੀ ਸਾਰੇ ਸੂਬਿਆਂ ’ਚ ਘੱਟ ਤੋਂ ਦਰਮਿਆਨੀ ਹੈ।
ਟੋਰਾਂਟੋ ਦੇ ਮਾਊਂਟ ਸਿਨਾਈ ਹਸਪਤਾਲ ’ਚ ਛੂਤ ਦੇ ਰੋਗਾਂ ਦੇ ਮਾਹਰ ਡਾਕਟਰ ਐਲੀਸਨ ਮੈਕਗੀਰ ਨੇ ਕਿਹਾ ਕਿ ਅਮਰੀਕਾ ਅਤੇ ਦੁਨੀਆ ਦੇ ਹੋਰ ਹਿੱਸਿਆਂ ’ਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਹ ਲੱਗਦਾ ਹੈ ਕਿ ਕੋਰੋਨਾ ਕੈਨੇਡਾ ’ਚ ਵਾਪਸ ਆ ਰਿਹਾ ਹੈ। ਜਨ ਸਿਹਤ ਮਾਹਰ ਦੇਸ਼ ਭਰ ’ਚ ਗੰਦੇ ਪਾਣੀ ਦੀ ਨਿਗਰਾਨੀ ਅਤੇ ਕੋਵਿਡ-19 ਪਾਜ਼ੀਟੀਵਿਟੀ ਦਰਾਂ ਦੀ ਵਰਤੋਂ ਕਰਕੇ ਕੋਰੋਨਾ ਦੀ ਗਤੀਵਿਧੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਆਮ ਲੋਕਾਂ ’ਚ ਕੋਵਿਡ ਪੀ. ਸੀ. ਆਰ. ਟੈਸਟਿੰਗ ਕਾਫ਼ੀ ਹੱਦ ਤੱਕ ਬੰਦ ਕਰ ਦਿੱਤੀ ਗਈ ਹੈ ਪਰ ਫਿਰ ਵੀ ਜਿਹੜੇ ਲੋਕ ਹਸਪਤਾਲ ’ਚ ਦਾਖ਼ਲ ਹਨ, ਜੇਕਰ ਉਨ੍ਹਾਂ ’ਚ ਕੋਰੋਨਾ ਦੇ ਲੱਛਣ ਹਨ ਤਾਂ ਫਿਰ ਉਹ ਪੈਕਸਲੋਵਿਡ ਦੇ ਇਲਾਜ ਦੇ ਸੰਭਾਵੀ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਟੀਕਿਆਂ ਦੇ ਖ਼ਤਮ ਹੋਣ ਕਾਰਨ ਇਮਿਊਨਟੀ ਦਾ ਕਮਜ਼ੋਰ ਹੋਣਾ, ਕੋਵਿਡ ਦੇ ਨਵੇਂ ਵੈਰੀਐਂਟਾਂ ਦੀ ਮੌਜੂਦਗੀ ਅਤੇ ਪਤਝੜ ਦੀ ਰੁੱਤ ਮਗਰੋਂ ਲੋਕਾਂ ਦਾ ਘਰਾਂ ਦੇ ਅੰਦਰ ਰਹਿਣਾ, ਇਹ ਸਭ ਕਾਰਨ ਹਨ, ਜਿਨ੍ਹਾਂ ਕਰਕੇ ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਵੱਧ ਸਕਦੇ ਹਨ। ਕੈਨੇਡਾ ਦੀ ਪਬਲਕਿ ਹੈਲਥ ਏਜੰਸੀ ਮੁਤਾਬਕ ਓਮੀਕਰੋਨ ਵੈਰੀਐਂਟ ਦਾ ਐਕਸ. ਬੀ. ਬੀ. ਸਬਵੈਰੀਐਂਟ, ਕੋਰੋਨਾ ਦੇ 99 ਫ਼ੀਸਦੀ ਮਾਮਲਿਆਂ ਲਈ ਜ਼ਿੰਮੇਵਾਰ ਹੈ।