ਫਾਜ਼ਿਲਕਾ ‘ਚ ਹੜ੍ਹ ਦੀ ਮਾਰ; ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਅਪੀਲ, ਕਈ ਸਕੂਲ ਬੰਦ

ਡੈਸਕ- ਫਾਜ਼ਿਲਕਾ ਦੇ ਸਰਹੱਦੀ ਪਿੰਡ ‘ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ, ਜਿਸ ਨੂੰ ਲੈ ਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਪਿੰਡ ਦਾ ਦੌਰਾ ਕਰ ਰਹੇ ਹਨ ਅਤੇ ਲੋਕਾਂ ਨੂੰ ਜਲਦ ਤੋਂ ਜਲਦ ਪਿੰਡ ਖਾਲੀ ਕਰਨ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਪਿੰਡ ਵਿੱਚ ਨਜ਼ਰ ਆ ਰਹੇ ਹਨ।

ਪ੍ਰਸ਼ਾਸਨ ਵੱਲੋਂ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਪਹਾੜੀ ਇਲਾਕਿਆਂ ‘ਚ ਹੋਈ ਬਾਰਿਸ਼ ਅਤੇ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਸਤਲੁਜ ‘ਚ ਪਾਣੀ ਦਾ ਪੱਧਰ ਵਧ ਗਿਆ ਹੈ। ਕਈ ਪਿੰਡ ਪਾਣੀ ਦੀ ਲਪੇਟ ‘ਚ ਆ ਗਏ ਹਨ ਅਤੇ ਕਈਆਂ ‘ਚ ਪਾਣੀ ਦਾਖਲ ਹੋ ਗਿਆ ਹੈ। ਦੱਸ ਦਈਏ ਕਿ ਕਈ ਸੜਕਾਂ ਉਪਰੋਂ ਪਾਣੀ ਲੰਘ ਰਿਹਾ ਹੈ ਅਤੇ ਕਈ ਢਾਣੀਆਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ। ਸਥਿਤੀ ਲਗਾਤਾਰ ਵਿਗੜਦੀ ਨਜ਼ਰ ਆ ਰਹੀ ਹੈ ਜਿਸ ਕਾਰਨ ਪਿੰਡ ਵਾਸੀ ਪਿੰਡ ਖਾਲੀ ਕਰਵਾਉਣ ਵਿੱਚ ਲੱਗੇ ਹੋਏ ਹਨ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਹਾਲਤ ਬਹੁਤ ਖਰਾਬ ਹਨ। ਸਤਲੁਜ ਨੇ ਤੀਜੀ ਵਾਰ ਇਸ ਇਲਾਕੇ ਵਿੱਚ ਤਬਾਹੀ ਮਚਾਈ ਹੈ। ਸਤਲੁਜ ਦੇ ਪਾਣੀ ਕਾਰਨ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ। ਡੈਮ ਤੋਂ ਛੱਡੇ ਜਾ ਰਹੇ ਹੋਰ ਪਾਣੀ ਕਾਰਨ ਇਲਾਕੇ ਵਿੱਚ ਹੋਰ ਤਬਾਹੀ ਮਚ ਸਕਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕਰਦਿਆਂ ਮਦਦ ਦੀ ਮੰਗ ਕੀਤੀ ਹੈ।

ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰ ਰਹੇ ਹਨ। ਪ੍ਰਸ਼ਾਸ਼ਨ ਵੱਲੋਂ ਪਿੰਡ ਵਾਸੀਆਂ ਨੂੰ ਪਿੰਡ ਛੱਡਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਸਤਲੁਜ ਵਿੱਚ 2 ਲੱਖ 60 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਜਿਸ ਕਾਰਨ ਫਾਜ਼ਿਲਕਾ ਦੇ ਕਈ ਪਿੰਡਾਂ ਨੂੰ ਹੜ੍ਹ ਦਾ ਖਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ।

ਵਿਧਾਇਕ ਨਰਿੰਦਰਪਾਲ ਸਿੰਘ ਸਵਾਣਾ ਨੇ ਕਿਹਾ ਕਿ ਜ਼ਿਆਦਾ ਪਾਣੀ ਆ ਰਿਹਾ ਹੈ, ਜਿਸ ਕਾਰਨ ਇਸ ਇਲਾਕੇ ‘ਚ ਖ਼ਤਰਾ ਵਧ ਗਿਆ ਹੈ। ਉਹ ਆਪਣੀ ਟੀਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੇਕਰ ਹਾਲਾਤ ਹੋਰ ਵਿਗੜਦੇ ਹਨ ਤਾਂ ਇੱਥੇ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ ਅਤੇ ਲੋਕਾਂ ਦੀ ਪੂਰੀ ਮਦਦ ਕੀਤੀ ਜਾ ਸਕੇ।