ਮਿਲਿੰਦ ਤੇਲਤੁੰਬੜੇ ਸਮੇਤ 26 ਨਕਸਲੀ ਪੁਲਿਸ ਮੁਕਾਬਲੇ ‘ਚ ਹਲਾਕ

ਮੁੰਬਈ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਪੁਲਿਸ ਨਾਲ ਮੁਕਾਬਲੇ ਵਿਚ ਮਾਰੇ ਗਏ 26 ਨਕਸਲੀਆਂ ਵਿਚ ਮਾਓਵਾਦੀ ਆਗੂ ਮਿਲਿੰਦ ਤੇਲਤੁੰਬੜੇ ਵੀ ਸ਼ਾਮਲ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਸੀ-60 ਪੁਲਿਸ ਕਮਾਂਡੋ ਟੀਮ ਨੇ ਕੋਰਚੀ ਦੇ ਮਾਰਡਿਨਟੋਲਾ ਜੰਗਲੀ ਖੇਤਰ ‘ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ।

ਮੁਕਾਬਲੇ ਤੋਂ ਬਾਅਦ ਸੀ-60 ਕਮਾਂਡੋਜ਼ ਨੇ ਮੌਕੇ ਤੋਂ 26 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਵਿਚ ਤੇਲਤੁੰਬੜੇ ਵੀ ਮਾਰਿਆ ਗਿਆ ਸੀ।

ਉਹ ਮਸ਼ਹੂਰ ਭੀਮਾਕੋਰੇਗਾਂਵ ਮਾਓਵਾਦੀ ਕੇਸ ਵਿਚ ਮੁਲਜ਼ਮ ਸੀ। ਰਾਜ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਤੇਲਤੁੰਬੜੇ ਮਾਰੇ ਗਏ ਮਾਓਵਾਦੀਆਂ ਵਿਚ ਸ਼ਾਮਲ ਹੈ।

ਮੁਕਾਬਲੇ ਵਿਚ ਚਾਰ ਪੁਲਿਸ ਕਰਮਚਾਰੀ ਵੀ ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਨਾਗਪੁਰ ਭੇਜਿਆ ਗਿਆ ਹੈ। ਇਹ ਜ਼ਿਲ੍ਹਾ ਛੱਤੀਸਗੜ੍ਹ ਦੀ ਸਰਹੱਦ ਨਾਲ ਲੱਗਦਾ ਹੈ।

ਟੀਵੀ ਪੰਜਾਬ ਬਿਊਰੋ