ਪੰਜਾਬ ‘ਚ ਸਿਆਸੀ ਹਲਚਲ ਤੇਜ਼ , ਕੈਪਟਨ ਨੇ ਬਦਲੀ ਲੰਚ ਦੀ ਥਾਂ

ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਅੰਦਰਲਾ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਕ ਪਾਸੇ ਹਾਈ ਕਮਾਨ ਵੱਲੋਂ ਨਾਰਾਜ਼ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕਵਾਇਦ ਚੱਲ ਰਹੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਲੰਚ ਦੀ ਰਾਜਨੀਤੀ ਖੇਡ ਰਹੇ ਹਨ। ਸਿੱਧੂ 2 ਦਿਨਾਂ ਤੋਂ ਦਿੱਲੀ ਵਿਚ ਡੇਰੇ ਲਗਾਈ ਬੈਠੇ ਹਨ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਪੰਜਾਬ ਦੀ ਰਾਜਨੀਤੀ, ਖ਼ਾਸਕਰ ਕਾਂਗਰਸ ਦੇ ਅੰਦਰ ਦੀ ਰਾਜਨੀਤੀ ਲਗਾਤਾਰ ਕਰਵਟਾਂ ਲੈ ਰਹੀ ਹੈ। ਰਾਜਸੀ ਸੂਤਰ ਦਸਦੇ ਹਨ ਕਿ ਹੈ ਕਿ ਹਾਈ ਕਮਾਨ ਨੇ ਸਿੱਧੂ ਨੂੰ ਮਨਾ ਲਿਆ ਹੈ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਨੂੰ ਆਪਣੇ ਖੇਮੇ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪਹਿਲਾਂ ਇਹ ਖਬਰ ਆਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਨੇਤਾਵਾਂ ਅਤੇ ਵਿਧਾਇਕਾਂ ਨੂੰ ਆਪਣੇ ਫਾਰਮ ਹਾਊਸ ਵਿਖੇ ਦੁਪਹਿਰ ਦੇ ਖਾਣੇ ਲਈ ਬੁਲਾਇਆ ਹੈ ਪਰ ਅੱਜ ਅਚਾਨਕ ਦੁਪਹਿਰ ਦੇ ਖਾਣੇ ਦੀ ਥਾਂ ਬਦਲ ਦਿੱਤੀ ਗਈ ਹੈ ਜੋ ਖ਼ਬਰਾਂ ਆ ਰਹੀਆਂ ਹਨ, ਉਸ ਅਨੁਸਾਰ ਹੁਣ ਦੁਪਹਿਰ ਦਾ ਖਾਣਾ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਰੱਖਿਆ ਗਿਆ ਹੈ । ਇਹ ਵੇਖਣਾ ਹੋਵੇਗਾ ਕਿ ਪੰਜਾਬ ਦੀ ਰਾਜਨੀਤੀ ਕਿਸ ਦਿਸ਼ਾ ਵੱਲ ਜਾਂਦੀ ਹੈ। ਸੂਤਰਾਂ ਅਨੁਸਾਰ ਪ੍ਰਿਯੰਕਾ ਗਾਂਧੀ ਵੱਲੋ ਦਿੱਤੇ ਫਾਰਮੂਲੇ ‘ਤੇ ਸਿੱਧੂ ਸਹਿਮਤ ਹੋ ਗਏ ਹਨ । ਹੁਣ ਉਸਨੂੰ ਅਹੁਦਾ ਦਿੱਤਾ ਗਿਆ ਹੈ ਜਾਂ ਨਹੀਂ, ਇਹ ਅਜੇ ਸਪਸ਼ਟ ਨਹੀਂ ਹੈ।

ਸੂਤਰ ਦਾਅਵਾ ਕਰ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਕੀਮਤ ‘ਤੇ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਅਹੁਦਾ ਦੇਣ ਦੇ ਹੱਕ ਵਿਚ ਨਹੀਂ ਹਨ। ਉਹ ਸਿੱਧੂ ਨੂੰ ਜ਼ਿਆਦਾ ਮਹੱਤਵ ਦੇਣਾ ਵੀ ਨਹੀਂ ਚਾਹੁੰਦੇ। ਇਹ ਵੇਖਣਾ ਹੋਵੇਗਾ ਕਿ ਅਜਿਹੀ ਸਥਿਤੀ ਵਿਚ ਪੰਜਾਬ ਅੰਦਰ ਕਾਂਗਰਸ ਦੇ ਅੰਦਰ ਕੀ ਰਾਜਨੀਤਕ ਮੋੜ ਆਵੇਗਾ ਤੇ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਅਤੇ ਨੇਤਾਵਾਂ ਦੇ ਇਕੱਠ ਤੋਂ ਹਾਈ ਕਮਾਨ ਨੂੰ ਕੀ ਸੰਦੇਸ਼ ਦਿੰਦੇ ਹਨ।

ਟੀਵੀ ਪੰਜਾਬ ਬਿਊਰੋ