ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੁਰ ਅਤੇ ਭਾਰਤ ਦੇ ਦੌਰੇ ’ਤੇ ਜਾਣਗੇ ਟਰੂਡੋ

Ottawa – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੁਰ ਅਤੇ ਭਾਰਤ ਦੇ ਦੌਰੇ ‘ਤੇ ਜਾਣਗੇ। ਪ੍ਰਧਾਨ ਮੰਤਰੀ ਦੀ ਇਸ ਯਾਤਰਾ ’ਚ ਭਾਰਤ ’ਚ ਹੋਣ ਵਾਲਾ ਜੀ-20 ਸੰਮੇਲਨ ਵੀ ਸ਼ਾਮਲ ਹੈ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਉੱਭਰਦੇ ਖੇਤਰਾਂ ’ਚ ਆਰਤਿਕ ਸੰਬੰਧਾਂ ’ਤੇ ਧਿਆਨ ਕੀਤਾ ਜਾਵੇਗਾ, ਕਿਉਂਕਿ ਕੈਨੇਡਾ ਉੱਭਰਦੇ ਚੀਨ ਦੇ ਬਦਲ ਦੀ ਤਲਾਸ਼ ਕਰ ਰਿਹਾ ਹੈ।
ਇੰਡੋਨੇਸ਼ੀਆ ਦੇ ਜਕਾਰਤਾ ’ਚ ਪ੍ਰਧਾਨ ਮੰਤਰੀ ਟਰੂਡੋ ਅਸੋਸੀਏਸ਼ਨ ਆਫ਼ ਸਾਊਥ ਈਸਟ ਏਸ਼ੀਅਨ ਨੇਸ਼ਨਜ਼ ਦੀ ਬੈਠਕ ’ਚ ਸ਼ਾਮਲ ਹੋਣਗੇ, ਜਿੱਥੇ 10 ਦੇਸ਼ਾਂ ਦਾ ਇਹ ਗਰੁੱਪ ਕੈਨੇਡਾ ਨਾਲ ਇੱਕ ਰਣਨੀਤਿਕ ਭਾਈਵਾਲੀ ਸਮਝੌਤਾ ਮਨਜ਼ੂਰ ਕਰੇਗਾ। ਇਸ ਮਗਰੋਂ ਟਰੂਡੋ ਦਾ ਅਗਲਾ ਪੜਾਅ ਸਿੰਗਾਪੁਰ ਹੋਵੇਗਾ, ਜਿੱਥੇ ਉਹ ਸਿੰਗਾਪੁਰ ਦੀ ਸਰਕਾਰ ਅਤੇ ਬਿਜ਼ਨੈੱਸ ਲੀਡਰਾਂ ਨਾਲ ਕੈਨੇਡਾ ’ਚ ਨਿਵੇਸ਼ ਵਧਾਉਣ ਅਤੇ ਕੈਨੇਡੀਅਨ ਨਿਰਯਾਤ ਨੂੰ ਹੁਲਾਰਾ ਦੇਣ ਬਾਰੇ ਮੁਲਾਕਾਤ ਕਰਨਗੇ।
ਫਿਰ ਟਰੂਡੋ ਭਾਰਤ ’ਚ ਜੀ-20 ਸੰਮੇਲਨ ਵਿਚ ਹਾਜ਼ਰੀ ਭਰਨਗੇ। ਇਸ ਬੈਠਕ ਦੌਰਾਨ ਉਹ ਜਲਵਾਯੂ ਪਰਿਵਰਤਨ ‘ਤੇ ਸਹਿਯੋਗ, ਗਰੀਬ ਦੇਸ਼ਾਂ ਲਈ ਕੌਮਾਂਤਰੀ ਵਿੱਤ ਸੁਧਾਰ ਅਤੇ ਊਰਜਾ ਸੁਰੱਖਿਆ ’ਤੇ ਧਿਆਨ ਕੇਂਦਰਿਤ ਕਰਨ ‘ਤੇ ਸਹਿਯੋਗ ਬਾਰੇ ਗੱਲਬਾਤ ਦੀ ਯੋਜਨਾ ਬਣਾ ਰਹੇ ਹਨ। ਇੱਕ ਨਿਊਜ਼ ਰੀਲੀਜ਼ ਮੁਤਾਬਕ ਟਰੂਡੋ ਹਰ ਦੇਸ਼ ’ਚ ਸਿਰਫ਼ ਦੋ ਦਿਨ ਬਿਤਾਉਣਗੇ ਅਤੇ ਉਨ੍ਹਾਂ ਦੀ ਫੇਰੀ ਵਪਾਰ ਅਤੇ ਕਿਫ਼ਾਇਤ ਨੂੰ ਵਧਾਉਣ ’ਤੇ ਕੇਂਦਰਿਤ ਹੋਵੇਗੀ।
ਕੈਨੇਡਾ ਭਾਰਤ, ਇੰਡੋਨੇਸ਼ੀਆ ਅਤੇ ASEAN ਨਾਲ ਇੱਕ ਬਲਾਕ ਵਜੋਂ ਵੱਖਰੇ ਵਪਾਰਕ ਸਮਝੌਤਿਆਂ ਲਈ ਗੱਲਬਾਤ ਕਰ ਰਿਹਾ ਹੈ। ਲਿਬਰਲਾਂ ਦਾ ਕਹਿਣਾ ਹੈ ਕਿ ਜੀ-20 ਦੌਰਾਨ ਟੂਰਡੋ ਰੂਸ ਦੀ ਯੂਕਰੇਨ ਤੋਂ ਹਟਣ ਦੀ ਵਕਾਲਤ ਕਰਨਗੇ, ਹਾਲਾਂਕਿ ਜੀ-20 ਦੇ ਬਹੁਤ ਸਾਰੇ ਮੈਂਬਰ ਰੂਸ ਦੀ ਆਲੋਚਨਾ ਨਾ ਕਰਨ ਦੇ ਪੱਖ ’ਚ ਭੁਗਤੇ ਹਨ। ਟਰੂਡੋ ਦਫ਼ਤਰ ਵਲੋਂ ਬੁੱਧਵਾਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ, ‘‘ਜੀ-20 ਦੀ ਅਖੰਡਤਾ ਅਤੇ ਪ੍ਰਭਾਵਸ਼ੀਲਤਾ ਨੂੰ ਬਣਾਈ ਰੱਖਣ ਲਈ ਰੂਸ ਨੂੰ ਜਵਾਬਦੇਹ ਠਹਿਰਾਉਂਦਿਆਂ ਵਿਸ਼ਵੀ ਸੰਕਟਾਂ ਨਾਲ ਨਜਿੱਠਣ ਲਈ ਸਹਿਯੋਗਾਤਮਕ ਰੂਪ ਨਾਲ ਕੰਮ ਕਰਨਾ ਜ਼ਰੂਰੀ ਹੈ।’’
ਹਾਲਾਂਕਿ ਜੀ-20 ਸੰਮੇਲਨ ਦਾ ਮੇਜ਼ਬਾਨ ਦੇਸ਼ ਭਾਰਤ ਇਸ ਸਾਲ ਦੇ ਜੀ-20 ਸਮਾਗਮਾਂ ਦੌਰਾਨ ਯੂਕਰੇਨ ਦੇ ਮੁੱਦੇ ‘ਤੇ ਗੱਲ ਕਰਨ ਤੋਂ ਸੰਕੋਚ ਕਰਦਾ ਰਿਹਾ ਹੈ। ਭਾਰਤ ਕੈਨੇਡਾ ਵਰਗੇ ਦੇਸ਼ਾਂ ਦੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਨਸਕੀ ਨੂੰ ਜੀ-20 ਸੰਮੇਲਨ ਵਿੱਚ ਸ਼ਾਮਲ ਕਰਨ ਦੀ ਬੇਨਤੀ ਨੂੰ ਠੁਕਰਾ ਚੁੱਕਾ ਹੈ।
ਲਿਬਰਲਜ਼ ਇਸ ਦੌਰੇ ਨੂੰ ਆਪਣੀ ਇੰਡੋ-ਪੈਸਿਫ਼ਿਕ ਰਣਨੀਤੀ ਦੇ ਹਿੱਸੇ ਵਜੋਂ ਦਰਸਾ ਰਹੇ ਹਨ। ਨਵੰਬਰ 2022 ’ਚ ਜਾਰੀ ਲਿਬਰਲ ਸਰਕਾਰ ਦੀ ਇਸ ਪਾਲਿਸੀ ਦਾ ਟੀਚਾ ਚੀਨ ਤੋ ਇਲਾਵਾ ਏਸ਼ੀਆ ਦੇ ਹੋਰ ਦੇਸ਼ਾਂ ਨਾਲ ਨੇੜਲੇ ਆਰਥਿਕ ਅਤੇ ਰੱਖਿਆ ਸੰਬੰਧ ਮਜ਼ਬੂਤ ਕਰਨਾ ਹੈ। ਦੱਸ ਦਈਏ ਕਿ ਵਪਾਰ ਮੰਤਰੀ ਮੈਰੀ ਐਨਜੀ ਭਾਰਤ ਨੂੰ ਛੱਡ ਕੇ ਇੰਡੋਨੇਸ਼ੀਆ ਅਤੇ ਸਿੰਗਾਪੁਰ ਦੀ ਯਾਤਰਾ ਦੌਰਾਨ ਟਰੂਡੋ ਦੇ ਨਾਲ ਹੋਣਗੇ।