ਕਾਂਗਰਸ ਦਾ ਹੱਥ ਫੜ੍ਹਣਗੇ ਧਰਮਵੀਰ ਗਾਂਧੀ, ਹੋ ਸਕਦੇ ਨੇ ਪਟਿਆਲਾ ਤੋਂ ਉਮੀਦਵਾਰ

ਡੈਸਕ- ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਿਛਲੀ ਦਿਨੀਂ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਇਸ ਤੋਂ ਇਲਾਵਾ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਵੀ ਹੁਣ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ ਅਤੇ ਪਟਿਆਲਾ ਤੋਂ ਭਾਜਪਾ ਦੀ ਟਿਕਟ ਤੇ ਚੋਣ ਵੀ ਲੜ ਰਹੇ ਹਨ। ਅਜਿਹੇ ਵਿੱਚ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਸਾਬਕਾ ਸਾਂਸਦ ਧਰਮਵੀਰ ਗਾਂਧੀ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ।

ਭਲਕੇ ਦਿੱਲੀ ਵਿੱਚ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਦਰਅਸਲ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਜਦੋਂ ਪੰਜਾਬ ਵਿੱਚ ਪਹੁੰਚੀ ਸੀ ਤਾਂ ਧਰਮਵੀਰ ਗਾਂਧੀ ਵੀ ਰਾਜਪੁਰਾ ਤੋਂ ਲੁਧਿਆਣਾ ਤੱਕ ਇਸ ਯਾਤਰਾ ਦਾ ਹਿੱਸਾ ਬਣੇ ਸਨ। ਇਸ ਤੋਂ ਇਲਾਵਾ ਉਹ ਜੰਮੂ-ਕਸ਼ਮੀਰ ਦੇ ਲਾਲ ਚੌਕ ਤੱਕ 3 ਦਿਨ ਰਾਹੁਲ ਗਾਂਧੀ ਨਾਲ ਵੀ ਰਹੇ ਸਨ।

ਧਰਮਵੀਰ ਗਾਂਧੀ ਜੇਕਰ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਉਹਨਾਂ ਨੂੰ ਪਟਿਆਲਾ ਲੋਕਸਭਾ ਸੀਟ ਤੋਂ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ। ਕਿਉਂਕਿ ਪ੍ਰਨੀਤ ਕੌਰ ਦੇ ਭਾਜਪਾ ਵਿੱਚ ਚਲੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਹੈ। ਪਟਿਆਲਾ ਸੀਟ ਤੇ ਨਵਜੋਤ ਸਿੱਧੂ ਜਾਂ ਉਹਨਾਂ ਦੀ ਪਤਨੀ ਦੇ ਚੋਣ ਲੜਣ ਦੀਆਂ ਚਰਚਾਵਾਂ ਸਨ ਪਰ ਹੁਣ ਸਿੱਧੂ ਦੇ ਆਈਪੀਐਲ ਵਿੱਚ ਜਾਣ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਸਿੱਧੂ ਚੋਣ ਨਹੀਂ ਲੜਣਗੇ।

ਜੇਕਰ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਪਟਿਆਲਾ ਸੀਟ ਤੇ ਮੁਕਾਬਲਾ ਰੁਮਾਂਚਕ ਹੋ ਜਾਵੇਗਾ ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਧਰਮਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਕੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੂੰ ਹਰਾਇਆ ਸੀ। ਹੁਣ ਫੇਰ ਦੋਵੇਂ ਲੀਡਰ ਆਹਮੋ ਸਾਹਮਣੇ ਹੋ ਸਕਦੇ ਹਨ। ਪਰ ਇਸ ਵਾਰ ਦੋਵੇਂ ਲੀਡਰਾਂ ਦੀਆਂ ਪਾਰਟੀਆਂ ਬਦਲੀਆਂ ਹੋਈਆਂ ਹੋਣਗੀਆਂ।

ਗੱਲ ਜੇਕਰ ਲੋਕ ਸਭਾ ਚੋਣ 2014 ਦੀ ਗੱਲ ਕਰੀਏ ਤਾਂ ਧਰਮਵੀਰ ਗਾਂਧੀ ਨੂੰ 3 ਲੱਖ 65 ਹਜ਼ਾਰ 671 ਵੋਟਾਂ ਮਿਲੀਆਂ ਸਨ। ਜਦੋਂ 2019 ਦੀਆਂ ਚੋਣਾਂ ਵਿੱਚ ਉਹ ਅਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ ਵਿੱਚ ਉਤਰੇ ਅਤੇ ਤੀਜੇ ਨੰਬਰ ਤੇ ਰਹੇ। 2019 ਦੀਆਂ ਚੋਣ ਵਿੱਚ ਮੁੜ ਪ੍ਰਨੀਤ ਕੌਰ ਨੇ ਬਾਜ਼ੀ ਮਾਰੀ ਸੀ।