Victoria- ਬ੍ਰਿਟਿਸ਼ ਕੋਲੰਬੀਆ ’ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਬੀ. ਸੀ. ਸੈਂਟਰ ਫਾਰ ਡਿਜੀਜ਼ ਕੰਟਰੋਲ ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਸੂਬੇ ਦੇ ਹਸਪਤਾਲਾਂ ’ਚ ਪਿਛਲੇ ਮਹੀਨੇ ਦੌਰਾਨ ਮਰੀਜ਼ਾਂ ਦੀ ਗਿਣਤੀ ’ਚ ਤਿੰਨ ਗੁਣਾਂ ਵਾਧਾ ਹੋਇਆ ਹੈ। ਵੀਰਵਾਰ ਤੱਕ, ਸੂਬੇ ਭਰ ਦੇ ਹਸਪਤਾਲਾਂ ’ਚ 241 ਕੋਰੋਨਾ ਪਾਜ਼ੀਟਿਵ ਮਰੀਜ਼ ਸਨ, ਜੋ ਅਗਸਤ ਦੇ ਸ਼ੁਰੂਆਤ ’ਚ ਦੋ ਸਾਲ ਦੇ ਹੇਠਲੇ ਪੱਧਰ 76 ਤੋਂ ਵਧੇਰੇ ਹੈ। ਵੀਰਵਾਰ ਤੱਕ ਦਾ ਕੁੱਲ ਡਾਟਾ 4 ਮਈ ਮਗਰੋਂ ਸਭ ਤੋਂ ਵਧੇਰੇ ਹੈ, ਜਦੋਂ ਬੀ. ਸੀ. ਸੈਂਟਰ ਫਾਰ ਡਿਜੀਜ਼ ਕੰਟਰੋਲ ਨੇ ਹਸਪਤਾਲਾਂ ’ਚ 268 ਲੋਕਾਂ ਦੇ ਕੋਵਿਡ-19 ਨਾਲ ਪੀੜਤ ਹੋਣ ਦੀ ਸੂਚਨਾ ਦਿੱਤੀ ਸੀ।
ਇਹ ਨਵੀਨਤਮ ਅਪਡੇਟ ਉਦੋਂ ਆਈ ਹੈ, ਜਦੋਂ ਬਿ੍ਰਟਿਸ਼ ਕੋਲੰਬੀਆ, ਕੈਨਡਾ ’ਚ ਬੀ. ਏ. 2.86 ਵੈਰੀਐਂਟ ਦੇ ਸਥਾਨਕ ਮਾਮਲੇ ਦੀ ਪਹਿਚਾਣ ਕਰਨ ਵਾਲਾ ਪਹਿਲਾ ਸੂਬਾ ਬਣਿਆ ਹੈ। ਹਾਲਾਂਕਿ ਬੀ. ਸੀ. ਸੈਂਟਰ ਫਾਰ ਡਿਜੀਜ਼ ਕੰਟਰੋਲ ਦਾ ਕਹਿਣਾ ਹੈ ਕਿ ਸੂਬੇ ਦੇ ਪੂਰੇ ਜੀਨੋਮ ਕ੍ਰਮ ’ਚ ਬੀ. ਏ. 2.86 ਵੈਰੀਐਂਟ ਦਾ ਕੋਈ ਵਾਧੂ ਨਮੂਨਾ ਨਹੀਂ ਪਾਇਆ ਗਿਆ ਹੈ। ਬੀ. ਸੀ. ਸੀ. ਡੀ. ਸੀ. ਮੁਤਾਬਕ ਹਾਲ ਦੇ ਹਫ਼ਤਿਆਂ ’ਚ ਸੂਬੇ ’ਚ ਮਿਲੇ ਵਧੇਰੇ ਸੰਕਰਮਣ ਜਾਂ ਤਾਂ ਈ. ਜੀ. 5 ਜਾਂ ਐਕਸ. ਬੀ. ਬੀ. 1.16 ਵੈਰੀਐਂਟ ਦੇ ਹਨ। ਇਨ੍ਹਾਂ ਸਾਰੀਆਂ ਵੱਖੋ-ਵੱਖਰੀਆਂ ਵੰਸ਼ਾਂ ਨੂੰ ਅਜੇ ਵੀ ਓਮਿਕਰੋਨ ਵੇਰੀਐਂਟ ਦਾ ਸੰਸਕਰਣ ਮੰਨਿਆ ਜਾਂਦਾ ਹੈ, ਜਿਸ ਦਾ ਕਿ ਸਾਲ 2021 ਦੇ ਅਖ਼ੀਰ ’ਚ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਿਆ ਸੀ।
ਵੀਰਵਾਰ ਤੱਕ ਬ੍ਰਿਟਿਸ਼ ਕੋਲੰਬੀਆ ’ਚ ਕੋਰੋਨਾ ਕਾਰਨ 241 ਮਰੀਜ਼ ਹਸਪਤਾਲ ’ਚ ਦਾਖ਼ਲ ਸਨ। ਹਾਲਾਂਕਿ ਇਹ ਅੰਕੜਾ ਪਿਛਲੇ ਮਹੀਨਿਆਂ ਦੀ ਤੁਲਨਾ ’ਚ ਬੇਸ਼ੱਕ ਵਧੇਰੇ ਹੈ ਪਰ ਪੂਰੇ 2022 ’ਚ ਦੇਖੀ ਗਈ ਕੁੱਲ ਸੰਖਿਆ ਦੀ ਤੁਲਨਾ ’ਚ ਇਹ ਮੁਕਾਬਲਤਨ ਘੱਟ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ’ਚ ਬ੍ਰਿਟਿਸ਼ ਕੋਲੰਬੀਆ ’ਚ ਮਿਲੇ ਸਾਰੇ ਕੋਵਿਡ ਰੋਗੀ ਸ਼ਾਮਿਲ ਹਨ। ਭਾਵ ਕਿ ਇਨ੍ਹਾਂ ’ਚ ਉਹ ਮਰੀਜ਼ ਵੀ ਸ਼ਾਮਿਲ ਹਨ, ਜਿਹੜੇ ਕਿ ਕਿਸੇ ਹੋਰ ਕਾਰਨ ਦੇ ਚੱਲਦਿਆਂ ਹਸਪਤਾਲ ’ਚ ਦਾਖ਼ਲ ਹੋਏ ਸਨ ਪਰ ਇਤਫਾਕਨ ਹੀ ਉਨ੍ਹਾਂ ਦਾ ਕੋਵਿਡ ਟੈਸਟ ਪਾਜ਼ੀਟਿਵ ਆ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਅਧਿਕਾਰੀਆਂ ਮੁਤਾਬਕ ਕੋਵਿਡ ਦੇ 50 ਤੋਂ 60 ਫ਼ੀਸਦੀ ਮਾਮਲੇ ਬਿਲਕੁਲ ਵੀ ਗੰਭੀਰ ਨਹੀਂ ਹਨ।