199 ਦੀ ਸਪੀਡ ਨਾਲ ਗੱਡੀ ਭਜਾਉਣ ਵਾਲੇ ਡਰਾਈਵਰ ਨੂੰ ਪੁਲਿਸ ਨੇ ਸਿਖਾਇਆ ਸਬਕ

Vancouver- ਵੈਨਕੂਵਰ ਪੁਲਿਸ ਦੀ ਟਰੈਫਿਕ ਯੂਨਿਟ ਵਲੋਂ 199 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਦੌੜਾ ਰਹੇ ਇੱਕ 19 ਸਾਲਾ ਲਰਨਰ ਡਰਾਈਵਰ ਨੂੰ ਰੋਕਣ ਅਤੇ ਉਸ ਨੂੰ ਜ਼ੁਰਮਾਨਾ ਲਾਉਣ ਦਾ ਸਾਹਮਣਾ ਆਇਆ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਉਕਤ ਡਰਾਈਵਰ ਸ਼ਹਿਰ ਦੇ 80 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫ਼ਤਾਰ ਵਾਲੇ ਖੇਤਰ ’ਚ 199 ਕਿਲੋਮੀਟਰ/ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਲਰਨਰ ਡਰਾਈਵਰ ਇੱਕ ਹੋਰ ਵਾਹਨ ਦੇ ਨਾਲ ਲੋਂਡਸਡੇਲ ਐਵੇਨਿਊ ਦੇ ਨੇੜੇ ਉਪਰੀ ਪੱਧਰ ’ਤੇ ਹਾਈਵੇਅ ’ਤੇ ਰੇਸ ਲਗਾ ਰਿਹਾ ਸੀ। ਇਸੇ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ ਉਸ ਨੂੰ ਰੋਕ ਲਿਆ। ਜਦੋਂ ਪੁਲਿਸ ਅਧਿਕਾਰੀ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਦਾ ਜਵਾਬ ਸੀ ਕਿ ਦੂਜਾ ਡਰਾਈਵਰ ਤੇਜ਼ੀ ਨਾਲ ਜਾ ਰਿਹਾ ਸੀ। ਇੰਨਾ ਹੀ ਨਹੀਂ, ਇਹ ਡਰਾਈਵਰ ਬਿਨਾਂ ਕਿਸੇ ਸੁਪਰਵਾਈਜ਼ਰ ਦੇ ਗੱਡੀ ਚਲਾ ਰਿਹਾ ਸੀ ਅਤੇ ਬਹੁਤ ਸਾਰੇ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਦੂਜੇ ਵਾਹਨ ਚਾਲਕ ਨੂੰ ਰੋਕਣ ਅਸਮਰੱਥ ਰਹੇ।
ਪੁਲਿਸ ਮੁਤਾਬਕ ਉਕਤ 19 ਸਾਲਾ ਲਰਨਰ ਡਰਾਈਵਰ ਨੂੰ ਬਹੁਤ ਤੇਜ਼ ਰਫ਼ਤਾਰ ਨਾਲ, ਬਿਨਾਂ ਕਿਸੇ ਦੇਖਭਾਲ ਅਤੇ ਧਿਆਨ ਨਾਲ ਗੱਡੀ ਚਲਾਉਣ ਲਈ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ। ਇੰਨਾ ਹੀ ਨਹੀਂ, ਉਸ ਨੂੰ 1500 ਡਾਲਰ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ ਅਤੇ ਵਾਹਨ ਨੂੰ 7 ਦਿਨਾਂ ਲਈ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਕਾਂਸਟੇਬਲ ਮਨਸੂਰ ਸਹਿਕ ਨੇ ਕਿਹਾ ਕਿ ਤੇਜ਼ ਰਫ਼ਤਾਰ ਸੜਕਾਂ ’ਤੇ ਹੋਣ ਵਾਲੀਆਂ ਮੌਤਾਂ ਦਾ ਪ੍ਰਮੁੱਖ ਕਾਰਨ ਹੈ। ਉਨ੍ਹਾਂ ਅੱਗੇ ਕਿਹਾ, ‘‘ਜਦੋਂ ਤੇਜ਼ ਅਤੇ ਖਤਰਨਾਕ ਡਰਾਈਵਿੰਗ ਦੀ ਗੱਲ ਆਉਂਦੀ ਹੈ, ਤਾਂ ਹਰ ਮੌਤ ਇੱਕ ਰੋਕੀ ਜਾ ਸਕਣ ਵਾਲੀ ਮੌਤ ਹੈ। ਅਸੀਂ ਲਾਗੂਕਰਨ ਅਤੇ ਸਿੱਖਿਆ ਰਾਹੀਂ ਗੈਰ-ਜ਼ਿੰਮੇਵਾਰ ਡਰਾਈਵਰਾਂ ਨੂੰ ਰੋਕਣ ਲਈ ਪਹਿਲਾਂ ਨਾਲੋਂ ਵੱਧ ਵਚਨਬੱਧ ਹਾਂ।’’