ਅਮਰੀਕਾ ’ਚ ਭਾਰਤੀ ਲੜਕੀ ਦੀ ਮੌਤ ’ਤੇ ਪੁਲਿਸ ਅਧਿਕਾਰੀ ਦੀ ਹੱਸਣ ਵਾਲੀ ਵੀਡੀਓ ਆਈ ਸਾਹਮਣੇ

Seattle- ਅਮਰੀਕਾ ਦੇ ਸਿਆਟਲ ’ਚ ਇਸ ਸਾਲ ਜਨਵਰੀ ’ਚ ਪੁਲਿਸ ਦੇ ਇੱਕ ਵਾਹਨ ਵਲੋਂ ਟੱਕਰ ਮਾਰੇ ਜਾਣ ਭਾਰਤੀ ਮੂਲ ਦੀ 23 ਸਾਲਾ ਲੜਕੀ ਜਾਹਨਵੀ ਕੁੰਡਲਾ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ’ਤੇ ਪੁਲਿਸ ਕਰਮਚਾਰੀ ਡੈਨੀਅਲ ਆਡਰਰ ਦੀ ਹੱਸਣ ਵਾਲੀ ਤੇ ਮਜ਼ਾਕ ਉਡਾਣ ਵਾਲੀ ਵੀਡੀਓ ਸਾਹਮਣੇ ਆਈ ਹੈ। ਅਸਲ ’ਚ ਇਹ ਵੀਡੀਓ ਪੁਲਿਸ ਅਧਿਕਾਰੀ ਦੇ ਬਾਡੀ ਕੈਮ ’ਚ ਰਿਕਾਰਡ ਹੋ ਗਈ ਸੀ ਅਤੇ ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਸਿਆਟਲ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਵੀਡੀਓ ’ਚ ਅਧਿਕਾਰੀ ਡੈਨੀਅਲ ਆਡਰਰ ਨੂੰ ਜਾਹਨਵੀ ਕੁੰਡਲਾ ਨਾਲ ਜੁੜੇ ਹਾਦਸੇ ਦੀ ਜਾਂਚ ’ਤੇ ਚਰਚਾ ਕਰਦਿਆਂ ਸੁਣਿਆ ਜਾ ਸਕਦਾ ਹੈ, ਜਿਸ ਨੂੰ 23 ਜਨਵਰੀ ਨੂੰ ਉਸ ਦੇ ਸਹਿਯੋਗੀ ਅਧਿਕਾਰੀ ਕੈਵਿਨ ਡੇਵ ਨੇ ਮਾਰ ਦਿੱਤਾ ਸੀ। ਜਾਣਕਾਰੀ ਮੁਤਾਬਕ ਹਾਦਸੇ ਵਾਲੀ ਰਾਤ ਜਾਹਨਵੀ ਥਾਮਸ ਸਟਰੀਟ ਦੇ ਨੇੜੇ ਟਹਿਲ ਰਹੀ ਸੀ ਅਤੇ ਇਸੇ ਦੌਰਾਨ ਉਸ ਨੂੰ ਪੁਲਿਸ ਦੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਜਾਹਨਵੀ ਦੂਰ ਜਾ ਡਿੱਗੀ ਅਤੇ ਉਸ ਦੀ ਮੌਤ ਹੋ ਗਈ। ਵਾਹਨ ਕੈਵਿਨ ਡੇਵ ਚਲਾ ਰਹੇ ਸਨ। ਅਧਿਕਾਰੀ ਡੈਨੀਅਲ ਆਰਡਡ ਇਸ ਹਾਦਸੇ ਦੀ ਜਾਂਚ ਲਈ ਘਟਨਾ ਵਾਲੀ ਥਾਂ ’ਤੇ ਇਹ ਜਾਂਚ ਕਰਨ ਲਈ ਪਹੁੰਚੇ ਸਨ ਕਿ ਕੈਵਿਨ ਨੇ ਕਿਤੇ ਸ਼ਰਾਬ ਤਾਂ ਨੀ ਪੀ ਰੱਖੀ ਪਰ ਉਹ ਜਾਹਨਵੀ ਦੀ ਮੌਤ ’ਤੇ ਹੱਸਦੇ ਦੇਖੇ ਗਏ।
ਵੀਡੀਓ ਕਲਿਪ ’ਚ ਡੈਨੀਅਲ ਇੱਕ ਹੋਰ ਅਧਿਕਾਰੀ ਮਾਈਕ ਸੋਲਨ ਨਾਲ ਫੋਨ ’ਤੇ ਇਹ ਗੱਲ ਕਹਿ ਰਹੇ ਹਨ ਕਿ ਉਹ ਮਰ ਚੁੱਕੀ ਹੈ ਅਤੇ ਉਸ ਦੇ ਜੀਵਨ ਦੀ ਵਧੇਰੇ ਕੀਮਤ ਨਹੀਂ ਸੀ। ਇਹ ਕਹਿਣ ਮਗਰੋਂ ਉਹ ਹੱਸਣ ਲੱਗਦੇ ਹਨ ਤੇ ਮਜ਼ਾਕ ਉਡਾਉਂਦਿਆਂ ਕਹਿੰਦੇ ਹਨ ਕਿ ਉਹ ਇੱਕ ਆਮ ਸਖ਼ਸ਼ ਸੀ। ਬਸ 11,000 ਡਾਲਰ ਦਾ ਚੈੱਕ ਲਿਖ ਦਿਓ। ਵੈਸੇ ਵੀ ਉਹ 26 ਸਾਲਾਂ ਦੀ ਸੀ, ਉਸ ਦਾ ਮੁੱਲ ਸੀਮਤ ਸੀ। ਡੈਨੀਅਲ ਨੇ ਇਹ ਵੀ ਕਿਹਾ ਕਿ ਡੇਵ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਾਹਨ ਚਲਾ ਰਹੇ ਸਨ। ਹਾਲਾਂਕਿ, ਜੂਨ ’ਚ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਡੇਵ ਦੇ ਵਾਹਨ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਸੀ, ਜਦੋਂਕਿ ਨਿਰਧਾਰਿਤ ਸੀਮਾ 40 ਕਿਲੋਮੀਟਰ ਪ੍ਰਤੀ ਘੰਟਾ ਸੀ।